- ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵਧ ਸਕਦੀਆਂ ਹਨ ਮੁਸ਼ਕਿਲਾਂ
ਚੰਡੀਗੜ੍ਹ, 2 ਅਗਸਤ 2023 – ਮੌਸਮ ਵਿਭਾਗ ਨੇ ਅੱਜ ਪੂਰੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਭਾਰੀ ਮੀਂਹ ਨੂੰ ਲੈ ਕੇ ਪੰਜਾਬ ‘ਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਪਹਿਲਾਂ ਹੀ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਪੰਜਾਬ ਵਿੱਚ ਟੁੱਟੇ ਧੁੱਸੀ ਬੰਨ੍ਹ ਦੀ ਮੁੜ ਉਸਾਰੀ ਦਾ ਚੱਲ ਰਿਹਾ ਕੰਮ ਵੀ ਮੀਂਹ ਕਾਰਨ ਪ੍ਰਭਾਵਿਤ ਹੋ ਸਕਦਾ ਹੈ।
ਅੱਜ ਮੌਸਮ ਵਿੱਚ ਨਮੀ 90 ਫੀਸਦੀ ਤੱਕ ਰਹਿਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ ਪਰ ਵਾਯੂਮੰਡਲ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਤਾਪਮਾਨ 40 ਤੋਂ 41 ਡਿਗਰੀ ਵਰਗਾ ਮਹਿਸੂਸ ਹੋਵੇਗਾ। ਪੰਜਾਬ ਦੀ ਹਵਾ ਵਿੱਚ ਅੱਜ ਪ੍ਰਦੂਸ਼ਣ ਦਾ ਪੱਧਰ ਵੀ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ‘ਤੇ 80 ਦੇ ਨੇੜੇ ਹੈ। ਅੱਜ ਹਵਾ ਸਾਫ਼ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਭਲਕੇ ਯਾਨੀ ਵੀਰਵਾਰ ਨੂੰ ਵੀ ਪੱਛਮੀ ਮਾਲਵਾ ਖੇਤਰ ਜਿਸ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਆਉਂਦੇ ਹਨ, ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ। ਪੰਜਾਬ ‘ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਭਾਖੜਾ ਡੈਮ ਦੇ ਪਾਣੀ ਦਾ ਪੱਧਰ 1663 ਫੁੱਟ ਤੱਕ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਹੁਣ ਖ਼ਤਰੇ ਦੇ ਨਿਸ਼ਾਨ ਤੋਂ 17 ਫੁੱਟ ਹੇਠਾਂ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 50024 ਕਿਊਸਿਕ ਦਰਜ ਕੀਤੀ ਗਈ ਹੈ ਜਦਕਿ ਭਾਖੜਾ ਡੈਮ ਵਿੱਚੋਂ ਟਰਬਾਈਨਾਂ ਰਾਹੀਂ ਸਿਰਫ਼ 41858 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਜਲੰਧਰ ਦੀ ਸ਼ਾਹਕੋਟ ਸਬ-ਡਵੀਜ਼ਨ ਦੀ ਤਹਿਸੀਲ ਲੋਹੀਆਂ ਦੇ ਪਿੰਡ ਢੱਕਾ ਬਸਤੀ ਅਤੇ ਗੱਟਾ ਮੁੰਡੀ ਕਾਸੋ ਨੇੜੇ ਟੁੱਟੇ 950 ਫੁੱਟ ਉੱਚੇ ਧੁੱਸੀ ਬੰਨ੍ਹ ਦੀ ਮੁਰੰਮਤ ਦਾ ਕੰਮ ਦਿਨ-ਰਾਤ ਜਾਰੀ ਹੈ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸੰਗਤਾਂ ਨੇ ਇਸ ਬੰਨ੍ਹ ਦਾ ਕਾਫੀ ਹੱਦ ਤੱਕ ਨਿਰਮਾਣ ਕਰਵਾਇਆ ਹੈ। ਪੰਜਾਬ ਭਰ ਦੇ ਕਿਸਾਨ ਬੰਨ੍ਹ ਦੀ ਉਸਾਰੀ ਲਈ ਟਰਾਲੀਆਂ ਅਤੇ ਮਿੱਟੀ ਦੀਆਂ ਬੋਰੀਆਂ ਭੇਜ ਰਹੇ ਹਨ।
ਡੈਮ ਦੇ ਕੰਮ ਵਿੱਚ ਲੱਗੇ ਲੋਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਚਾਰ-ਪੰਜ ਦਿਨਾਂ ਵਿੱਚ ਬੰਨ੍ਹ ਦੀ ਉਸਾਰੀ ਮੁਕੰਮਲ ਹੋਣ ਦੀ ਪੂਰੀ ਸੰਭਾਵਨਾ ਹੈ। ਸਿਰਫ਼ 10 ਫੁੱਟ ਖੇਤਰ ਬਚਿਆ ਹੈ ਜਿਸ ‘ਤੇ ਬੰਨ੍ਹ ਬਣਾਇਆ ਜਾਣਾ ਹੈ। ਬੰਨ੍ਹ ਦੇ ਦੋਵੇਂ ਪਾਸੇ ਉਸਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਗਿੱਦੜਪਿੰਡੀ ਵਿੱਚ ਵੀ ਸਤਲੁਜ ਦਰਿਆ ਦੇ ਵਹਾਅ ਕਾਰਨ ਮੰਡਾਲਾ ਛੰਨਾ ਵਿੱਚ ਕਰੀਬ 350 ਫੁੱਟ ਦਾ ਧੁੱਸੀ ਬੰਨ੍ਹ ਟੁੱਟ ਗਿਆ ਸੀ। ਉਹ ਵੀ ਸੰਤ ਸੀਚੇਵਾਲ ਦੀ ਅਗਵਾਈ ਹੇਠ ਬਣਾਇਆ ਗਿਆ ਸੀ।