ਚੰਡੀਗੜ੍ਹ, 1 ਮਈ 2024 – ਜ਼ੀਰਕਪੁਰ ਤੋਂ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਤੱਕ ਬਣਨ ਵਾਲੇ ਫਲਾਈਓਵਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰੀ ਝੰਡੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਲ 2019 ‘ਚ ਹਾਈਕੋਰਟ ਨੇ ਇਸ ਫਲਾਈਓਵਰ ਨੂੰ ਬਣਾਉਣ ਅਤੇ ਦਰੱਖਤਾਂ ਦੀ ਕਟਾਈ ‘ਤੇ ਰੋਕ ਲਗਾ ਦਿੱਤੀ ਸੀ। ਸੁਣਵਾਈ ਦੌਰਾਨ ਲੰਬੀ ਬਹਿਸ ਤੋਂ ਬਾਅਦ ਹਾਈ ਕੋਰਟ ਨੇ ਇਹ ਰੋਕ ਹਟਾ ਕੇ ਇਸ ਫਲਾਈਓਵਰ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਰ ਹੁਣ ਹਾਈਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਪੰਜ ਸਾਲਾਂ ਤੋਂ ਰੁਕੇ ਹੋਏ ਵਿਕਾਸ ਦੇ ਕੰਮ ਨੂੰ ਹੁਣ ਨਹੀਂ ਰੋਕਿਆ ਜਾਵੇਗਾ। ਇਹ ਫਲਾਈਓਵਰ ਸਮੇਂ ਦੀ ਮੰਗ ਹੈ ਲੋਕਾਂ ਨੂੰ ਹਰ ਰੋਜ਼ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਾਸ ਦਈਏ ਕਿ ਜ਼ੀਰਕਪੁਰ-ਚੰਡੀਗੜ੍ਹ ਦਰਮਿਆਨ ਵਧਦੇ ਟ੍ਰੈਫਿਕ ਜਾਮ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ, ਚੰਡੀਗੜ੍ਹ ਤੱਕ ਫਲਾਈਓਵਰ ਬਣਾਉਣ ਦੀ ਯੋਜਨਾ ਬਣਾਈ ਸੀ। ਇਸ ਦੇ ਖਿਲਾਫ ਰਨ ਕਲੱਬ ਨਾਂ ਦੀ ਸੰਸਥਾ ਨੇ ਉਦੋਂ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਇਸ ਇਕ ਫਲਾਈਓਵਰ ਦੇ ਬਣਨ ਨਾਲ ਇੱਥੇ 700 ਦੇ ਕਰੀਬ ਦਰੱਖਤ ਕੱਟੇ ਜਾਣਗੇ, ਜੋ ਕਿ ਵਾਤਾਵਰਣ ਲਈ ਬੇਹੱਦ ਹਾਨੀਕਾਰਕ ਹੋਣਗੇ। ਪਰ ਉੱਥੇ ਹੀ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਹਰ ਦਰੱਖਤ ਕੱਟਣ ‘ਤੇ ਤਿੰਨ ਦਰੱਖਤ ਲਗਾਏ ਜਾਣਗੇ।