ਚੰਡੀਗੜ੍ਹ, 30 ਜਨਵਰੀ 2024 – ਚੰਡੀਗੜ੍ਹ ਵਿੱਚ ਨਗਰ ਨਿਗਮ ਦੇ ਮੇਅਰ ਦੀ ਚੋਣ ਸਵੇਰੇ 10 ਵਜੇ ਤੋਂ ਹੋਣੀ ਹੈ। ਇਸ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ I.N.D.I.A ਦੇ ਉਮੀਦਵਾਰ ਕੁਲਦੀਪ ਟੀਟਾ ਅਤੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਵਿਚਕਾਰ ਸਿੱਧਾ ਮੁਕਾਬਲਾ ਹੈ।
ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਕੌਂਸਲਰ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੈਵੀ ਅਤੇ ਭਾਜਪਾ ਉਮੀਦਵਾਰ ਕੁਲਜੀਤ ਸਿੰਘ ਸੰਧੂ ਵਿਚਕਾਰ ਮੁਕਾਬਲਾ ਹੋਵੇਗਾ। ਇਸ ਤੋਂ ਇਲਾਵਾ ਡਿਪਟੀ ਮੇਅਰ ਲਈ ਕਾਂਗਰਸ ਦੀ ਕੌਂਸਲਰ ਨਿਰਮਲਾ ਦੇਵੀ ਜੋ ਗਠਜੋੜ ਦੀ ਉਮੀਦਵਾਰ ਹੈ ਅਤੇ ਭਾਜਪਾ ਦੇ ਉਮੀਦਵਾਰ ਰਜਿੰਦਰ ਸ਼ਰਮਾ ਵਿਚਕਾਰ ਮੁਕਾਬਲਾ ਹੋਵੇਗਾ। ਇਸ ਵਾਰ ਗਠਜੋੜ ਕਾਰਨ ਭਾਜਪਾ ਦੀ 7 ਸਾਲਾਂ ਦੀ ਸੱਤਾ ਖ਼ਤਰੇ ਵਿੱਚ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਇਹ ਚੋਣ ਕਰਵਾਈ ਜਾ ਰਹੀ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਇਸ ਲਈ 6 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਸੀ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਨਿਗਮ ਦਫ਼ਤਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਦੇ ਨਾਲ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਹਨ।