ਚੰਡੀਗੜ੍ਹ, 20 ਫਰਵਰੀ 2024 – ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਅੱਜ (20 ਫਰਵਰੀ) ਨੂੰ ਸੁਪਰੀਮ ਕੋਰਟ ਵਿੱਚ ਇੱਕ ਹੋਰ ਸੁਣਵਾਈ ਹੋਵੇਗੀ। ਇਹ ਮਾਮਲਾ ਸੀਜੇਆਈ ਡੀਵਾਈ ਚੰਦਰਚੂੜ ਦੀ ਬੈਂਚ ਦੇ ਸਾਹਮਣੇ ਚੱਲ ਰਿਹਾ ਹੈ। ਸੋਮਵਾਰ ਦੀ ਸੁਣਵਾਈ ਵਿੱਚ, SC ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਦਫਤਰ ਨੂੰ ਚੋਣ ਸੰਬੰਧੀ ਰਿਕਾਰਡ ਅਤੇ ਬੈਲਟ ਪੇਪਰ ਪੇਸ਼ ਕਰਨ ਲਈ ਕਿਹਾ।
ਸੁਪਰੀਮ ਕੋਰਟ ਮੇਅਰ ਚੋਣਾਂ ਲਈ ਵੋਟਾਂ ਵਾਲੇ ਦਿਨ 30 ਜਨਵਰੀ ਦੀ ਵੀਡੀਓ ਅਤੇ ਬੈਲਟ ਪੇਪਰ ਦੇਖਣ ਤੋਂ ਬਾਅਦ ਫੈਸਲਾ ਕਰੇਗੀ ਕਿ ਮੇਅਰ ਚੋਣਾਂ ਦੁਬਾਰਾ ਕਰਵਾਈਆਂ ਜਾਣਗੀਆਂ ਜਾਂ ਪਿਛਲੀਆਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਕਰਕੇ ਫੈਸਲਾ ਲਿਆ ਜਾਵੇਗਾ। ਰਿਟਰਨਿੰਗ ਅਫ਼ਸਰ ਅਨਿਲ ਮਸੀਹ, ਜਿਸ ‘ਤੇ ਧਾਂਦਲੀ ਦੇ ਦੋਸ਼ ਹਨ, ਨੂੰ ਸੁਣਵਾਈ ਦੌਰਾਨ ਨਿੱਜੀ ਤੌਰ ‘ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।
ਸੋਮਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਰਿਟਰਨਿੰਗ ਅਫਸਰ ਅਨਿਲ ਮਸੀਹ ਨੂੰ ਤਿੱਖੇ ਸਵਾਲ ਪੁੱਛੇ ਸਨ। ਸੁਪਰੀਮ ਕੋਰਟ ਨੇ ਮਸੀਹ ਤੋਂ ਪੁੱਛਿਆ ਕਿ ਉਸ ਨੇ ਬੈਲਟ ਪੇਪਰ ‘ਤੇ ਕਿਸ ਕਾਨੂੰਨ ਤਹਿਤ ਆਪਣੇ ਦਸਤਖਤ ਕੀਤੇ ਸਨ। ਕੀ ਤੁਸੀਂ ਆਪਣੇ ਬੈਲਟ ਪੇਪਰ ‘ਤੇ ਪੈੱਨ ਨਾਲ ਕੋਈ ਨਿਸ਼ਾਨ ਬਣਾਇਆ ਹੈ ਅਤੇ ਇਸ ਪ੍ਰਕਿਰਿਆ ਦੌਰਾਨ ਤੁਸੀਂ ਵਾਰ-ਵਾਰ ਕੈਮਰਿਆਂ ਵੱਲ ਕਿਉਂ ਦੇਖ ਰਹੇ ਸੀ।
ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਮਸੀਹ ਵੱਲੋਂ ਲਾਏ ਬੈਲਟ ਪੇਪਰ ਦੀ ਜਾਂਚ ਸੁਪਰੀਮ ਕੋਰਟ ਖੁਦ ਕਰੇਗੀ। ਅਦਾਲਤ ਮਾਮਲੇ ਦੀ ਵੀਡੀਓ ਫੁਟੇਜ ਦੀ ਵੀ ਜਾਂਚ ਕਰੇਗੀ। ਅਦਾਲਤ ਨੇ ਕਿਹਾ ਕਿ ਪ੍ਰੀਜ਼ਾਈਡਿੰਗ ਅਫ਼ਸਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਵੱਲੋਂ ਲਗਾਏ ਗਏ ਨਿਸ਼ਾਨਾਂ ਨੂੰ ਅਣਡਿੱਠ ਕਰ ਦਿੱਤਾ ਜਾਵੇਗਾ ਅਤੇ ਵੋਟਾਂ ਦੀ ਗਿਣਤੀ ਅੱਜ ਯਾਨੀ ਮੰਗਲਵਾਰ ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਮੇਅਰ ਦੀ ਚੋਣ ਦੁਬਾਰਾ ਨਹੀਂ ਹੋਵੇਗੀ।
ਸੁਪਰੀਮ ਕੋਰਟ ਨੇ ਮੇਅਰ ਚੋਣਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਖ਼ਿਲਾਫ਼ ਸਖ਼ਤ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣ ਵਿੱਚ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਖ਼ਿਲਾਫ਼ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਚੋਣ ਪ੍ਰਕਿਰਿਆ ਵਿੱਚ ਦਖ਼ਲਅੰਦਾਜ਼ੀ ਕਰ ਰਿਹਾ ਸੀ। ਰਿਟਰਨਿੰਗ ਅਫਸਰ ਅਨਿਲ ਮਸੀਹ ਨੇ ਸੁਪਰੀਮ ਕੋਰਟ ਵਿੱਚ ਬੈਲਟ ਪੇਪਰ ਦੀ ਨਿਸ਼ਾਨਦੇਹੀ ਕਰਨ ਦੀ ਗੱਲ ਕਬੂਲੀ ਹੈ। ਮਸੀਹ ਅਨੁਸਾਰ ਉਸ ਨੇ 8 ਬੈਲਟ ‘ਤੇ X ਦਾ ਨਿਸ਼ਾਨ ਲਗਾਇਆ ਸੀ।
ਭਾਜਪਾ ਦੇ ਮੇਅਰ ਮਨੋਜ ਸੋਨਕਰ ਨੇ ਸੁਪਰੀਮ ਕੋਰਟ ‘ਚ ਸੁਣਵਾਈ ਤੋਂ ਪਹਿਲਾਂ ਐਤਵਾਰ ਰਾਤ ਨੂੰ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ। ਹੁਣ ਭਾਜਪਾ ਕੋਲ 18 ਵੋਟਾਂ ਹਨ। ਪਿਛਲੀ ਵਾਰ ਅਕਾਲੀ ਕੌਂਸਲਰ ਹਰਦੀਪ ਸਿੰਘ ਨੇ ਵੀ ਭਾਜਪਾ ਨੂੰ ਵੋਟ ਪਾਈ ਸੀ। ਅਜਿਹੇ ‘ਚ ਭਾਜਪਾ ਲਈ ਬਹੁਮਤ ਦਾ ਜਾਦੂਈ ਅੰਕੜਾ 19 ਹੈ। ਹੁਣ ਜੇਕਰ ਸੁਪਰੀਮ ਕੋਰਟ ਮੁੜ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕਰਦੀ ਹੈ ਤਾਂ ਭਾਜਪਾ ਦੀ ਜਿੱਤ ਯਕੀਨੀ ਹੈ।