- ਸਾਬਕਾ CM ਚੰਨੀ ਤੋਂ 20 ਅਪ੍ਰੈਲ ਨੂੰ ਹੋਵੇਗੀ ਪੁੱਛਗਿੱਛ
ਚੰਡੀਗੜ੍ਹ, 12 ਅਪ੍ਰੈਲ 2023 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 20 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ। ਵਿਜੀਲੈਂਸ ਨੇ ਚੰਨੀ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਸੀ। ਇਸ ਤੋਂ ਪਹਿਲਾਂ ਚੰਨੀ ਖਿਲਾਫ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਜਾ ਚੁੱਕਾ ਹੈ।
ਵਿਜੀਲੈਂਸ ਸੂਤਰਾਂ ਅਨੁਸਾਰ ਚੰਨੀ ਦੀ ਜਾਇਦਾਦ ਬਾਰੇ ਵਿਸਥਾਰਤ ਰਿਪੋਰਟ ਤਿਆਰ ਕਰ ਲਈ ਗਈ ਹੈ। ਚੰਨੀ ਦੇ ਜਾਂਚ ਵਿਚ ਸ਼ਾਮਲ ਹੋਣ ਤੋਂ ਬਾਅਦ, ਉਸ ਦੀ ਮਾਲਕੀ ਵਾਲੀ ਜਾਇਦਾਦ ਦਾ ਵਿਜੀਲੈਂਸ ਕੋਲ ਮੌਜੂਦ ਰਿਕਾਰਡ ਨਾਲ ਮਿਲਾਨ ਕੀਤਾ ਜਾਵੇਗਾ।
ਪਿਛਲੇ ਮਹੀਨੇ, ਜਦੋਂ ਵਿਜੀਲੈਂਸ ਬਿਊਰੋ ਨੂੰ ਪਤਾ ਲੱਗਾ ਕਿ ਚੰਨੀ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਹੈ, ਤਾਂ ਉਸ ਨੇ 7 ਮਾਰਚ ਨੂੰ ਉਸ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ। ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਚੰਨੀ ਨੇ ਇੱਕ ਵੀਡੀਓ ਜਾਰੀ ਕੀਤਾ। ਜਿਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।

ਵਿਜੀਲੈਂਸ ਬਿਊਰੋ ਸਾਬਕਾ ਮੁੱਖ ਮੰਤਰੀ ਚੰਨੀ, ਉਨ੍ਹਾਂ ਦੇ ਭਰਾਵਾਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ ਦੀ ਜਾਂਚ ਕਰ ਰਿਹਾ ਸੀ। ਦਰਅਸਲ, ਵਿਜੀਲੈਂਸ ਬਿਊਰੋ ਨੂੰ ਸਾਬਕਾ ਮੁੱਖ ਮੰਤਰੀ ਵੱਲੋਂ ਕੁਝ ਠੇਕੇਦਾਰਾਂ ਨੂੰ ਦਿੱਤੇ ਜਾ ਰਹੇ ਬੇਲੋੜੇ ਲਾਭ ਬਾਰੇ ਸੂਚਨਾ ਮਿਲੀ ਸੀ।
ਪਿਛਲੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਈਡੀ ਨੇ 10 ਕਰੋੜ ਰੁਪਏ ਨਾਲ ਗ੍ਰਿਫ਼ਤਾਰ ਕੀਤਾ ਸੀ। ਈਡੀ ਜਾਂਚ ਕਰ ਰਿਹਾ ਸੀ ਕਿ ਕੀ ਹਨੀ ਨੇ ਮਾਈਨਿੰਗ ਠੇਕੇਦਾਰਾਂ ਦੀ ਮਦਦ ਕੀਤੀ ਸੀ।
