ਜਲੰਧਰ, 3 ਜੁਲਾਈ 2022 – 10 ਕਰੋੜ ਦੇ ਰੇਤ ਮਾਈਨਿੰਗ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਨੂੰ ਸ਼ੁੱਕਰਵਾਰ ਨੂੰ ਹਾਈਕੋਰਟ ਤੋਂ ਰਾਹਤ ਮਿਲੀ, ਪਰ ਉਹ ਸ਼ਨੀਵਾਰ ਨੂੰ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ। ਜ਼ਮਾਨਤ ਲਈ ਬਾਂਡ ਨਾ ਭਰਨ ਅਤੇ ਅੰਡਰਟੇਕਿੰਗ ਨਾ ਭਰਨ ਕਾਰਨ ਹੁਣ ਇਹ ਮਾਮਲਾ ਸੋਮਵਾਰ ਤੱਕ ਲਈ ਟਾਲ ਦਿੱਤਾ ਗਿਆ।
ਹਾਈ ਕੋਰਟ ਨੇ ਕੁਝ ਸ਼ਰਤਾਂ ਦੇ ਆਧਾਰ ‘ਤੇ ਹਨੀ ਨੂੰ ਜ਼ਮਾਨਤ ਦਿੱਤੀ ਸੀ। ਇਸ ‘ਚ ਕਿਹਾ ਗਿਆ ਸੀ ਕਿ ਹਨੀ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਵਿਦੇਸ਼ ਨਹੀਂ ਜਾਵੇਗਾ, ਹਰ ਤਰੀਕ ‘ਤੇ ਪੇਸ਼ ਹੋਵੇਗਾ, 2 ਜ਼ਮਾਨਤ ਬਾਂਡ ਭਰੇ ਜਾਣਗੇ, ਜਿਸ ‘ਚ ਇਕ ਵਿਅਕਤੀ ਸਥਾਨਕ ਹੋਣਾ ਚਾਹੀਦਾ ਹੈ।
ਇਸ ਅਨੁਸਾਰ ਕੋਈ ਵੀ ਕਾਗਜ਼ ਵਿਸ਼ੇਸ਼ ਅਦਾਲਤ ਵਿੱਚ ਨਹੀਂ ਪਹੁੰਚਿਆ। ਦੱਸ ਦੇਈਏ ਕਿ 3 ਫਰਵਰੀ ਨੂੰ ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਦੌਰਾਨ ਭੁਪਿੰਦਰ ਸਿੰਘ ਹਨੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਪਰ ਉਸ ਨੇ ਸਹਿਯੋਗ ਨਹੀਂ ਦਿੱਤਾ, ਇਸ ਲਈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 8 ਫਰਵਰੀ ਤੱਕ ਰਿਮਾਂਡ ‘ਤੇ ਲੈ ਲਿਆ ਗਿਆ ਸੀ।