ਚੰਡੀਗੜ੍ਹ, 14 ਅਪ੍ਰੈਲ 2022 – ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਅਤੇ ਅਧਿਕਾਰੀਆਂ ਦੇ ਤਬਾਦਲੇ ਦੇ ਮਾਮਲੇ ਵਿੱਚ ਪੁੱਛਗਿੱਛ ਤੋਂ ਬਾਅਦ ਆਪਣੀ ਗ੍ਰਿਫਤਾਰੀ ਦੀਆਂ ਚੱਲ ਰਹੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਈਡੀ ਨੇ ਪਿਛਲੀ ਫਰਵਰੀ ‘ਚ ਸਾਬਕਾ ਮੁੱਖ ਮੰਤਰੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ ਹਨੀ ਨੂੰ ਗੈਰ-ਕਾਨੂੰਨੀ ਰੇਤ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਚੰਨੀ ਇਸੇ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਸਾਹਮਣੇ ਪੇਸ਼ ਹੋਏ ਸਨ।
ਇਸ ਗੱਲ ਦੀ ਪੁਸ਼ਟੀ ਖੁਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਹਿੰਦੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕੀਤੀ ਹੈ। ਚੰਨੀ ਨੇ ਕਿਹਾ ਕਿ ਉਸ ਦੇ ਈਡੀ ਅੱਗੇ ਪੇਸ਼ ਨਾ ਹੋਣ ਸੰਬੰਧੀ, ਉਸ ਦੀ ਗ੍ਰਿਫ਼ਤਾਰੀ ਜਾਂ ਈਡੀ ਵੱਲੋਂ ਉਸ ਨੂੰ ਦੁਬਾਰਾ ਬੁਲਾਏ ਜਾਣ ਦੀਆਂ ਖ਼ਬਰਾਂ ਸਿਰਫ਼ ਅਫ਼ਵਾਹਾਂ ਹਨ। ਬੁੱਧਵਾਰ ਨੂੰ ਉਸ ਤੋਂ ਪੁੱਛਗਿੱਛ ਹੋਈ ਹੈ। ਉਸਨੂੰ ਦੁਬਾਰਾ ਨਹੀਂ ਬੁਲਾਇਆ ਗਿਆ ਹੈ। ਚੰਨੀ ਨੇ ਇਸ ਬਾਰੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਤੋਂ ਕੀ ਪੁੱਛਗਿੱਛ ਕੀਤੀ ਗਈ ਸੀ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਬੀਤੀ ਜਨਵਰੀ ਵਿੱਚ ਈਡੀ ਨੇ ਮੁਹਾਲੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਉਰਫ਼ ਹਨੀ ਦੇ ਘਰ ਛਾਪਾ ਮਾਰਿਆ ਸੀ। ਜਾਂਚ ਏਜੰਸੀ ਨੇ ਹਨੀ ਅਤੇ ਉਸ ਦੇ ਦੋਸਤ ਕੋਲੋਂ ਕੁੱਲ 10 ਕਰੋੜ ਰੁਪਏ ਬਰਾਮਦ ਕੀਤੇ ਸਨ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਹ ਪੈਸਾ ਅਸਲ ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ।
ਈਡੀ ਨੇ ਹਨੀ ਨੂੰ ਫਰਵਰੀ ਦੇ ਸ਼ੁਰੂ ਵਿੱਚ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਸੀ ਕਿ ਉਸ ਨੇ ਇਹ ਪੈਸਾ ਮਾਈਨਿੰਗ ਅਧਿਕਾਰੀਆਂ ਦੀ ਬਦਲੀ ਕਰਵਾਉਣ ਲਈ ਇਕੱਠਾ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨਾਲ ਫੰਡਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ।
ਵਿਧਾਨ ਸਭਾ ਚੋਣਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜੀ ਸੀ ਪਰ ਦੋਵੇਂ ਸੀਟਾਂ ਤੋਂ ਹਾਰ ਗਏ ਸਨ। ਕਾਂਗਰਸ ਵੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਗਈ। ਇਸ ਤੋਂ ਬਾਅਦ ਕਈ ਸੀਨੀਅਰ ਆਗੂਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਚੰਨੀ ਦਾ ਬੇਦਾਗ਼ ਅਕਸ ਨਾ ਕਾਰਨ ਹੀ ਚੋਣ ‘ਚ ਹਾਰ ਹੋਈ ਹੈ। ਅਜਿਹੇ ‘ਚ ਇਸ ਸਮੇਂ ਕਾਂਗਰਸ ‘ਚ ਚੱਲ ਰਹੇ ਚੰਨੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।