ਮਾਨਸਾ, 21 ਦਸੰਬਰ, 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵਿਦੇਸ਼ ਦੌਰੇ ਤੋਂ ਪਰਤਣ ਮਗਰੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਉਹਨਾਂ ਦੇ ਪਿੰਡ ਮੂਸੇਵਾਲਾ ਪਹੁੰਚੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਵੇਲੇ ਉਹ ਭਾਰਤ ਵਿਚ ਨਹੀਂ ਸਨ। ਉਹਨਾਂ ਕਿਹਾ ਕਿ ਹੁਣ ਜਦੋਂ ਉਹ ਪੰਜਾਬ ਪਰਤੇ ਹਨ ਤਾਂ ਰਸਤੇ ਵਿਚ ਪੁਲਿਸ ਨੇ ਉਹਨਾਂ ਨੂੰ ਮੂਸਾ ਪਿੰਡ ਨਾ ਜਾਣ ਵਾਸਤੇ ਚੇਤਾਵਨੀ ਦਿੱਤੀ ਤੇ ਕਿਹਾ ਕਿ ਜੇਕਰ ਤੁਸੀਂ ਗਏ ਤਾਂ ਅਸੀਂ ਤੁਹਾਨੂੰ ਗ੍ਰਿਫਤਾਰ ਕਰਾਂਗੇ।
ਉਹਨਾਂ ਕਿਹਾ ਕਿ ਉਹਨਾਂ ਸਪਸ਼ਟ ਕਰ ਦਿੱਤਾ ਕਿ ਉਹ ਹਰ ਹਾਲਤ ਵਿਚ ਮੂਸਾ ਪਿੰਡ ਜਾਣਗੇ ਤਾਂ ਪੁਲਿਸ ਨੇ ਉਹਨਾਂ ਨੁੰ ਰਾਤ ਰੁੱਕਣ ਤੋਂ ਮਨਾ ਕਰ ਦਿੱਤਾ ਪਰ ਉਹਨਾਂ ਕਿਹਾ ਕਿ ਉਹ ਹਰ ਹਾਲਤ ਵਿਚ ਰਾਤ ਪਰਿਵਾਰ ਨਾਲ ਬਿਤਾਉਣਗੇ ਤਾਂ ਪੁਲਿਸ ਨੇ ਉਹਨਾਂ ਨੂੰ ਅਦਾਲਤ ਦਾ ਸੰਮਨ ਦੇ ਦਿੱਤਾ। ਇਹ ਮਾਮਲਾ ਚੋਣਾਂ ਦੌਰਾਨ ਉਹਨਾਂ ਅਤੇ ਮੂਸੇਵਾਲਾ ਦੇ ਖਿਲਾਫ ਦਰਜ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਚਲਾਨ ਪੇਸ਼ ਨਹੀਂ ਕੀਤਾ ਜਾਂਦਾ ਬਲਕਿ ਪਰਚੇ ਨੂੰ ਖਾਰਜ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਿਹੜਾ ਕੇਸ ਸਾਡੀ ਸਰਕਾਰ ਨੇ ਮੂਸੇਵਾਲਾ ਖਿਲਾਫ ਰੱਦ ਕਰ ਦਿੱਤਾ ਸੀ, ਉਸਦਾ ਵੀ ਚਲਾਨ ਪੇਸ਼ ਕੀਤਾ ਜਾ ਰਿਹਾ ਹੈ ਤੇ ਸਿੱਧੂ ਦੇ ਮਾਪਿਆਂ ਨੁੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਧੂ ਦੇ ਕਤਲ ਨੂੰ ਗੰਭੀਰਤਾ ਨਾਲ ਲਵੇ ਨਾ ਕਿ ਸਿੱਧੂ ਦੇ ਮਾਪਿਆਂ ਤੇ ਹੋਰ ਪਰਿਵਾਰਕ ਜੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ।