- ਪੁਲਿਸ ਨੇ ਨਾਰਕੋ ਟੈਸਟ ਲਈ ਦਿੱਤੀ ਅਰਜ਼ੀ
ਜਲੰਧਰ, 7 ਮਈ 2023 – ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੂੰ ਇੱਕ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਸ਼ਨੀਵਾਰ ਨੂੰ ਨਕੋਦਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਚੱਠਾ ਨੇ ਕਿਹਾ ਕਿ ਉਸ ਦਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੂਜੇ ਪਾਸੇ ਪੁਲੀਸ ਥਾਣਾ ਸਦਰ (ਨਕੋਦਰ) ਨੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ। ਅਦਾਲਤ ਸੋਮਵਾਰ ਨੂੰ ਅਰਜ਼ੀ ‘ਤੇ ਆਪਣਾ ਫੈਸਲਾ ਸੁਣਾਏਗੀ। ਇਸ ਤੋਂ ਪਹਿਲਾਂ ਬਚਾਅ ਪੱਖ ਦੀਆਂ ਦਲੀਲਾਂ ਸੁਣੀਆਂ ਜਾਣਗੀਆਂ।
ਕਮਿਸ਼ਨਰੇਟ ਪੁਲਸ ਨੇ ਬੁੱਧਵਾਰ ਦੇਰ ਰਾਤ 2 ਵਜੇ ਜਲੰਧਰ ਹਾਈਟਸ ਦੇ ਫਲੈਟ ਨੰਬਰ-802 ਟੀ-ਬਲਾਕ ਤੋਂ ਚੱਠਾ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਉਸ ਨੂੰ ਥਾਣਾ ਸਦਰ ਦੇ ਹਵਾਲੇ ਕਰ ਦਿੱਤਾ ਗਿਆ। 14 ਮਾਰਚ 2022 ਨੂੰ ਨੀਵੀ ਮੱਲੀਆਂ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੁਲੀਸ ਨੇ ਦਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੋ ਸ਼ੂਟਰਾਂ ਪੁਨੀਤ ਸ਼ਰਮਾ ਅਤੇ ਨਰਿੰਦਰ ਲਾਲੀ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਸੰਦੀਪ ਦੇ ਭਰਾ ਅੰਗਰੇਜ ਸਿੰਘ ਦੇ ਬਿਆਨਾਂ ‘ਤੇ 14 ਜੁਲਾਈ 2022 ਨੂੰ ਸੁਰਜਨ ਸਿੰਘ ਚੱਠਾ, ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ ਸੁੱਖਾ ਮਾਨ ਅਤੇ ਅਮਰੀਕਾ ਰਹਿੰਦੇ ਰਾਇਲ ਕਿੰਗ ਕਬੱਡੀ ਦੇ ਮੁਖੀ ਸਰਬਜੀਤ ਸਿੰਘ ਉਰਫ਼ ਸਾਬਾ ਥਿਆੜਾ ‘ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗੇ ਸਨ।