ਮੁੱਖ ਚੋਣ ਅਧਿਕਾਰੀ ਪੰਜਾਬ ਨੇ ਚੋਣਾਂ ਵਿੱਚ ਭਾਗ ਲੈਣ ਦਾ ਸੁਨੇਹਾ ਦੇਣ ਲਈ 200 ਸਾਈਕਲ ਸਵਾਰਾਂ ਦੀ ਕੀਤੀ ਅਗਵਾਈ

  • ਐਸ.ਐਸ.ਆਰ.-2023 ਦੀ ਸ਼ੁਰੂਆਤ ਕਰਨ ਲਈ ਐਸ.ਏ.ਐਸ. ਨਗਰ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ
  • ਇਹ ਵਿਸ਼ੇਸ਼ ਸੋਧ 9 ਨਵੰਬਰ, 2022 ਤੋਂ ਸ਼ੁਰੂ ਹੋ ਕੇ 8 ਦਸੰਬਰ, 2022 ਨੂੰ ਹੋਵੇਗੀ ਸਮਾਪਤ

ਚੰਡੀਗੜ੍ਹ/ਮੋਹਾਲੀ, 9 ਨਵੰਬਰ 2022 – ਵੋਟਰ ਸੂਚੀ-ਸਪੈਸ਼ਲ ਸਮਰੀ ਰੀਵੀਜ਼ਨ (ਐਸ.ਐਸ.ਆਰ.)-2023 ਵਿੱਚ ਸੋਧ ਕਰਨ ਵਾਸਤੇ ਵਿਆਪਕ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਅੱਜ ਐਸ.ਏ.ਐਸ.ਨਗਰ ਵਿਖੇ “ਪੈਡਲ ਫਾਰ ਪਾਰਟੀਸੀਪੇਟਿਵ ਇਲੈਕਸ਼ਨਜ਼” ਦੇ ਬੈਨਰ ਹੇਠ ਸਾਈਕਲੋਥੌਨ ਦੇ ਆਯੋਜਨ ਉਪਰੰਤ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਚੋਣਾਂ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ।

ਯਾਦਵਿੰਦਰਾ ਪਬਲਿਕ ਸਕੂਲ ਨੇੜਿਓਂ ਨੇਚਰ ਪਾਰਕ ਤੋਂ ਘੱਟੋ-ਘੱਟ 200 ਸਾਈਕਲ ਸਵਾਰਾਂ ਦੀ ਅਗਵਾਈ ਕਰਦਿਆਂ, ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ 3ਬੀ-1 ਮੋਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਿੱਥੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਤੱਕ ਯਾਤਰਾ ਕੀਤੀ। ਇਸ ਮੌਕੇ ਵਧੀਕ ਸੀ.ਈ.ਓ. ਬੀ ਸ੍ਰੀਨਿਵਾਸਨ ਅਤੇ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਵੀ ਸਾਈਕਲੋਥੌਨ ਵਿੱਚ ਸ਼ਮੂਲੀਅਤ ਕੀਤੀ। ਮੋਹਾਲੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਐਨ.ਐਸ.ਐਸ. ਵਲੰਟੀਅਰਾਂ ਸਮੇਤ ਸਾਈਕਲ ਸਵਾਰਾਂ ਨੇ “ਪੈਡਲ ਫਾਰ ਪਾਰਟੀਸੀਪੇਟਿਵ ਇਲੈਕਸ਼ਨਜ਼” ਦਾ ਸੁਨੇਹਾ ਦੇਣ ਲਈ ਸਾਈਕਲੋਥੌਨ ਵਿੱਚ ਭਾਗ ਲਿਆ।

ਜ਼ਿਕਰਯੋਗ ਹੈ ਕਿ ਮਜ਼ਬੂਤ ਲੋਕਤੰਤਰ ਦੇ ਹਿੱਤ ਵਿੱਚ, ਚੋਣਾਂ ਨੂੰ ਯਕੀਨੀ ਬਣਾਉਣ ਅਤੇ ਵੋਟਰ ਸੂਚੀ ਵਿੱਚ ਸੁਧਾਰ ਕਰਨ ਲਈ ਵੋਟਰ ਸੂਚੀ ਦੀ ਸਲਾਨਾ ਸੋਧ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤਾ ਜਾਣ ਵਾਲਾ ਮਹੱਤਵਪੂਰਨ ਅਭਿਆਸ ਹੈ। ਇਹ ਵਿਸ਼ੇਸ਼ ਸੋਧ 9 ਨਵੰਬਰ, 2022 ਤੋਂ ਸ਼ੁਰੂ ਹੋ ਕੇ 8 ਦਸੰਬਰ, 2022 ਨੂੰ ਸਮਾਪਤ ਹੋਵੇਗੀ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ‘ਕੋਈ ਵੀ ਵੋਟਰ ਪਿੱਛੇ ਨਾ ਰਹਿ ਜਾਵੇ’ ਸਬੰਧੀ ਆਪਣੇ ਯਤਨਾਂ ਨੂੰ ਯਕੀਨੀ ਬਣਾਉਂਦਿਆਂ ਔਰਤਾਂ, ਅਪਾਹਜ ਵਿਅਕਤੀਆਂ, ਸਮਾਜ ਦੇ ਸੀਮਾਂਤ ਮੈਂਬਰਾਂ, ਪੇਂਡੂ ਅਤੇ ਸ਼ਹਿਰੀ ਵੋਟਰਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਬਣਾਉਂਦਾ ਹੈ।

ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹਨ।
ਇਸ ਤੋਂ ਪਹਿਲਾਂ ਸੀ.ਈ.ਓ ਨੇ ਸਕੂਲ ਦੇ ਦੋ ਬੂਥਾਂ ਦਾ ਨਿਰੀਖਣ ਵੀ ਕੀਤਾ ਅਤੇ ਵਿਸ਼ੇਸ਼ ਸੁਧਾਈ ਸਬੰਧੀ ਬੀ.ਐਲ.ਓਜ਼ ਨਾਲ ਗੱਲਬਾਤ ਕੀਤੀ।

ਇਸ ਮੌਕੇ ਵਿਦਿਆਰਥੀਆਂ ਨੇ ਵੋਟਰ ਸਬੰਧੀ ਸਹੁੰ ਚੁੱਕੀ ਅਤੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਦਾ ਸੁਨੇਹਾ ਦਿੰਦਿਆਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵੀ ਕੀਤੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੀ ਮਾਨ ਸਰਕਾਰ ਨੇ ਸਕੂਲਾਂ ਲਈ ਜਾਰੀ ਕੀਤੀ ਕਰੋੜਾਂ ਦੀ ਗ੍ਰਾਂਟ

ਬੇਅਦਬੀ ਮਾਮਲੇ ‘ਚ ਨਾਮਜ਼ਦ ਇੱਕ ਹੋਰ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ