ਅੰਮ੍ਰਿਤਸਰ, 12 ਮਾਰਚ 2022 – ਪੰਜਾਬ ਵਿੱਚ ਸਿੱਖ ਜਥੇਬੰਦੀ ਚੀਫ਼ ਖ਼ਾਲਸਾ ਦੀਵਾਨ ਦੇ ਮੁਖੀ ਨਿਰਮਲ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਨਿਰਮਲ ਸਿੰਘ 2019 ਵਿੱਚ ਪ੍ਰਧਾਨ ਬਣਾਏ ਗਏ ਸਨ ਅਤੇ ਮਜੀਠਾ-ਅਣਖੀ ਗਰੁੱਪ ਨਾਲ ਜੁੜੇ ਹੋਏ ਸੀ।
84 ਸਾਲਾ ਨਿਰਮਲ ਸਿੰਘ ਪੇਸ਼ੇ ਤੋਂ ਠੇਕੇਦਾਰ ਸੀ। ਉਹ ਪਿਛਲੇ 52 ਸਾਲਾਂ ਤੋਂ ਚੀਫ਼ ਖ਼ਾਲਸਾ ਦੀਵਾਨ ਨਾਲ ਜੁੜੇ ਹੋਏ ਸਨ। ਉਨ੍ਹਾਂ ਚੀਫ਼ ਖ਼ਾਲਸਾ ਦੀਵਾਨ ਦੇ ਸਥਾਨਕ ਪ੍ਰਧਾਨ ਵਜੋਂ ਵੀ ਲੰਬਾ ਸਮਾਂ ਸੇਵਾ ਨਿਭਾਈ। ਉਹ 2019 ਤੋਂ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੋਹਰ, ਸ਼ੋ੍ਰਮਣੀ ਕਮੇਟੀ ਦੇ ਚੇਅਰਮੈਨ ਹਰਜਿੰਦਰ ਸਿੰਘ ਧਾਮੀ, ਓਐਸਡੀ ਸਤਬੀਰ ਸਿੰਘ ਧਾਮੀ, ਸਾਬਕਾ ਮੁੱਖ ਸਕੱਤਰ ਡਾ. ਸਿੰਘ, ਸ਼ੋ੍ਰਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ ਆਦਿ ਨੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਸਾਲ 1906 ਵਿਚ ਸਿੱਖ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀ ਗਈ ਸੀ। ਇਸ ਦੀਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਚੰਡੀਗੜ੍ਹ, ਕਾਨਪੁਰ, ਤਰਨਤਾਰਨ, ਦਿੱਲੀ ਅਤੇ ਮੁੰਬਈ ਵਿਖੇ ਦੇਸ਼ ਭਰ ਵਿੱਚ ਨੌਂ ਸਥਾਨਕ ਕਮੇਟੀਆਂ ਹਨ।