ਮਹੀਨਿਆਂ ਬੱਧੀ ਹਿੱਸੇਦਾਰੀ ਪਾਈ ਰੱਖਣ ਤੋਂ ਬਾਅਦ ਮੁੱਖ ਮੰਤਰੀ ਨੇ ਫੌਜਾ ਸਿੰਘ ਸਰਾਰੀ ਤੋਂ ਅਸਤੀਫਾ ਲਿਆ : ਅਕਾਲੀ ਦਲ

  • ਸਰਾਰੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਵਸੂਲੀ ਫਿਰੌਤੀ ਦੇ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ : ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 7 ਜਨਵਰੀ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਮੰਤਰੀ ਵੱਲੋਂ ਫਿਰੌਤੀਆਂ ਵਸੂਲਣ ਦੀ ਆਡੀਓ ਟੇਪ ਸਾਹਮਣੇ ਆਉਣ ਤੋਂ ਬਾਅਦ ਮਹੀਨਿਆਂ ਬੱਧੀ ਫੌਜਾ ਸਿੰਘ ਸਰਾਰੀ ਨਾਲ ਹਿੱਸੇਦਾਰੀ ਪਾਈ ਰੱਖਣ ਤੋਂ ਉਪਰੰਤ ਉਹਨਾਂ ਤੋਂ ਅਸਤੀਫਾ ਲਿਆ ਹੈ।

ਅਸਤੀਫੇ ਨੂੰ ਬਹੁਤ ਦੇਰੀ ਨਾਲ ਚੁੱਕਿਆ ਛੋਟਾ ਕਦਮ ਕਰਾਰ ਦਿੰਦਿਆਂ ਅਕਾਲੀ ਦਲ ਨੇ ਮੰਗ ਕੀਤੀ ਕਿ ਸਰਾਰੀ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰਕੀਤਾ ਜਾਵੇ ਤੇ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੇ ਮਹੀਨਿਆਂ ਤੱਕ ਸਰਾਰੀ ਨੂੰ ਭ੍ਰਿਸ਼ਟ ਕੰਮਾਂ ਲਈ ਉਤਸ਼ਾਹਿਤ ਕਿਉਂ ਕੀਤਾ ਤੇ ਸਾਰੇ ਮਾਮਲੇ ’ਤੇ ਪਰਦਾ ਪਾਉਣ ਦੇ ਯਤਨ ਕਿਉਂ ਕਰਦੇ ਰਹੇ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਦੋਵਾਂ ਵਿਚ ਮਤਭੇਦ ਪੈਦਾ ਹੋ ਗੲ ਹਨ ਜਾਂ ਫਿਰ ਮੁੱਖ ਮੰਤਰੀ ਹੁਣ ਪੰਜਾਬੀਆਂ ਦੇ ਦਬਾਅ ਅੱਗੇ ਝੁੱਕ ਗਏ ਹਨ ਕਿਉਂਕਿ ਪੰਜਾਬੀ ਆਪ ਮੰਤਰੀਆਂ ਦੇ ਭ੍ਰਿਸ਼ਟਾਚਾਰ ਤੋਂ ਅੱਕ ਗਏ ਹਨ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਕ ਭ੍ਰਿਸ਼ਟ ਵਿਅਕਤੀ ਨੂੰ ਉਮੀਦਵਾਰ ਬਣਾਉਣ, ਬਾਅਦ ਵਿਚ ਉਸਨੂੰ ਮੰਤਰੀ ਬਣਾਉਣ ਤੇ ਫਿਰ ਸ੍ਰੀ ਸਰਾਰੀ ਵੱਲੋਂ ਫਿਰੌਤੀਆਂ ਵਸੂਲਣ ਦੀ ਸਾਹਮਣੇ ਆਈ ਆਡੀਓ ਟੇਪ ਦੇ ਸਾਰੇ ਮਾਮਲੇ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਬਣਦੀ ਹੈ। ਸ੍ਰੀ ਭਗਵੰਤ ਮਾਨ ਪੰਜਾਬੀਆਂ ਨੂੰ ਉਹ ਕਾਰਨ ਦੱਸਣ ਜਿਹਨਾਂ ਕਾਰਨ ਇਹਨਾਂ ਮਹੀਨਿਆਂ ਤੱਕ ਸ੍ਰੀ ਸਰਾਰੀ ਦਾ ਬਚਾਅ ਕਰਦੇ ਰਹੇ।

ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬੀ ਇਹ ਵਿਸ਼ਵਾਸ ਨਹੀਂ ਕਰਦੇ ਕਿ ਆਪ ਸਰਕਾਰ ਮਾਮਲੇ ਵਿਚ ਨਿਆਂ ਕਰ ਸਕੇਗੀ। ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ ਤਾਂ ਜੋ ਸਾਰੇ ਮਾਮਲੇ ਦੀ ਘੋਰ ਮਗਰੋਂ ਪਤਾ ਲਗਾਇਆ ਜਾ ਸਕੇ ਕਿ ਸਾਬਕਾ ਮੰਤਰੀ ਨੇ ਕਿਸ ਹੱਦ ਤੱਕ ਫਿਰੌਤੀਆਂ ਵਸੂਲੀਆਂ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਵੀ ਕਰਨਾ ਲਾਜ਼ਮੀ ਹੈ ਕਿਉਂਕਿ ਪਹਿਲਾਂ ਵੀ ਲੋਕਾਂ ਨੇ ਵੇਖਿਆ ਹੈ ਕਿ ਕਿਵੇਂ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੇ ਬਾਵਜੂਦ ਆਪ ਦੇ ਕਨਵੀਨਰ ਸ੍ਰੀਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਉਸਦਾ ਪਾਰਟੀਵਿਚ ਬਚਾਅ ਕਰਦੇ ਰਹੇ ਹਨ।

ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਦੀ ਸਰਕਾਰ ਉਸ ਆਡੀਓ ਟੇਪ ਬਾਰੇ ਚੁੱਪੀ ਕਿਉਂ ਵੱਟ ਗਈ ਹੈ ਜਿਸ ਬਾਰੇ ਉਹਨਾਂ ਦਾਅਵਾ ਕੀਤਾ ਸੀ ਕਿ ਮੰਤਰੀ ਹੁੰਦਿਆਂ ਸ੍ਰੀ ਵਿਜੇ ਸਿੰਗਲਾ ਨੇ ਟੈਂਡਰਾਂ ਦੀ ਮਨਜ਼ੂਰੀ ਵਾਸਤੇ 1 ਫੀਸਦੀ ਕਮਿਸ਼ਨ ਮੰਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਉਹ ਆਡੀਓ ਟੇਪ ਜਾਰੀ ਕਰਨੀ ਚਾਹੀਦਾ ਹੈ ਤੇ ਦੰਸਣਾ ਚਾਹੀਦਾਹੈ ਕਿ ਉਸਨੇ ਇਸ ਟੇਪ ਦੇ ਆਧਾਰ ’ਤੇ ਸ੍ਰੀ ਸਿੰਗਲਾ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ।

ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਗਲਾਪਨ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਹੋਰਨਾਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਅੰਦਰਲੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਲਵੇ। ਉਹਨਾਂ ਕਿਹਾ ਕਿ ਪੰਜਾਬੀ ਭ੍ਰਿਸ਼ਟਾਚਾਰ ਤੇ ਕੁਪ੍ਰਸ਼ਾਸਨ ਦੀ ਮਾਰ ਝੱਲ ਰਹੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ਾਨਾ ਆਧਾਰ ’ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀਕਰ ਕੇ ਤੇ ਪੇਡ ਨਿਊਜ਼ ਲਗਵਾ ਕੇ ਸਸਤੀ ਸ਼ੋਹਰਤ ਹਾਸਲ ਕਰਨ ਵਿਚ ਰੁੱਝੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਬੀਐਸਐਫ ਨਾਲ ਸਾਂਝੇ ਅਪਰੇਸਨ ‘ਚ ਹੈਰੋਇਨ ਨਾਲ ਇੱਕ ਫੌਜੀ ਜਵਾਨ ਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ

ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ’ਚ ਵਿਜੀਲੈਂਸ ਨੇ ਪੰਜਾਬ ਰਾਜ ਸਨਅਤੀ ਬ੍ਰਾਮਦ ਨਿਗਮ ਦੇ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ