ਚੰਡੀਗੜ੍ਹ 19 ਮਈ 2023 : ਅੱਜ ਇੱਥੋਂ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਗੰਭੀਰ ਪਾਣੀ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ। ਸਾਡਾ ਧਰਤੀ ਹੇਠਲਾ ਪਾਣੀ ਤੇਜੀ ਨਾਲ ਖਤਮ ਹੋਣ ਜਾ ਰਿਹਾ ਹੈ। ਪਿਛਲੇ ਸਮਿਆਂ ਵਿੱਚ ਕੇਂਦਰ ਸਰਕਾਰਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਵਿੱਚ ਪੰਜਾਬ ਨਾਲ ਹਮੇਸ਼ਾ ਵੱਡਾ ਧੋਖਾ ਕੀਤਾ ਹੈ।
ਰਾਜਸਥਾਨ ਜੋ ਨਾ ਤਾਂ ਸਾਡੇ ਦਰਿਆਵਾਂ ਲਈ ਰਾਏਪੇਰੀਅਨ ਸਟੇਟ ਹੈ ਅਤੇ ਨਾ ਹੀ ਸਾਡਾ ਕੋਈ ਦਰਿਆ ਰਾਜਸਥਾਨ ਵਿੱਚੋਂ ਲੰਘਦਾ ਹੈ। ਇਸਦੇ ਬਾਵਜੂਦ ਸਾਡੇ ਪਾਣੀਆਂ ਦਾ ਅੱਧੇ ਤੋਂ ਵੱਧ ਹਿੱਸਾ ਬਿਨਾਂ ਕਿਸੇ ਕਾਨੂੰਨ ਅਤੇ ਦਲੀਲ ਦੇ ਰਾਜਸਥਾਨ ਨੂੰ ਮੁਫਤ ਜਾ ਰਿਹਾ ਹੈ। ਇਸ ਵੇਲੇ ਜਦੋਂ ਸਾਡੀਆਂ ਆਪਣੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਤਾਂ ਹਰਿਆਣੇ ਦੇ ਕੁਝ ਮੈਂਬਰ ਪਾਰਲੀਮੈਂਟ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਉੱਤੇ 1250 ਕਿਊਸਿਕ ਹੋਰ ਫਾਲਤੂ ਪਾਣੀ ਲੈਣ ਲਈ ਦਬਾਅ ਪਾ ਰਹੇ ਹਨ। ਪਤਾ ਲੱਗਾ ਹੈ ਕਿ ਅਗਲੇ ਇੱਕ ਦੋ ਦਿਨਾਂ ਵਿੱਚ ਮੁੱਖ ਮੰਤਰੀ ਸ. ਮਾਨ ਇਸ ਸਬੰਧੀ ਰਾਜਸਥਾਨ ਦੇ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਹਨ।
ਰਾਜੇਵਾਲ ਨੇ ਕਿਹਾ ਕਿ ਇਸ ਵੇਲੇ ਸਾਡੇ ਕੋਲ ਇੱਕ ਤੁਪਕਾ ਵੀ ਫਾਲਤੂ ਪਾਣੀ ਨਹੀਂ ਅਤੇ ਨਾ ਹੀ ਰਾਜਸਥਾਨ ਦਾ ਹੋਰ ਕੋਈ ਹੱਕ ਬਣਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅੱਜ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਰਾਜਸਥਾਨ ਨੂੰ ਹੋਰ ਪਾਣੀ ਦੇਣ ਦੀ ਗਲਤੀ ਨਾ ਕਰਨ। ਮੁੱਖ ਮੰਤਰੀ ਦੀ ਜਿੰਮੇਵਾਰੀ ਪੰਜਾਬ ਦੇ ਹਿੱਤਾ ਦੀ ਰਾਖੀ ਕਰਨਾ ਪਹਿਲਾ ਫਰਜ ਹੈ। ਇਸ ਲਈ ਰਾਜਸਥਾਨ ਦੀ ਇਹ ਗੈਰ- ਵਾਜਿਬ ਮੰਗ ਕਿਸੇ ਕੀਮਤ ਉੱਤੇ ਨਹੀਂ ਮੰਨੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਮੁੱਖ ਮੰਤਰੀ ਹੋਰ ਪਾਣੀ ਰਾਜਸਥਾਨ ਨੂੰ ਦੇਣ ਦੀ ਹਾਮੀ ਭਰਦੇ ਹਨ ਤਾਂ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਦੇ ਹਿੱਤਾ ਦਾ ਸਰਕਾਰ ਜਰੂਰ ਖਿਆਲ ਰੱਖੇਗੀ।