- ਮੁੱਖ ਮੰਤਰੀ ਨੇ ਸਸਤੀ ਸ਼ੋਹਰਤ ਖੱਟਣ ਲਈ ਝੂਠ ਬੋਲਿਆ ਕਿ ਆਪ ਸਰਕਾਰ ਜ਼ਮੀਨੀ ਰਿਕਾਰਡ ਆਨਲਾਈਨ ਕਰਵਾਉਣ ਜਾ ਰਹੀ ਹੈ ਜਦੋਂ ਕਿ ਇਹ ਤਾਂ ਪਹਿਲਾਂ ਹੀ ਅਕਾਲੀ ਦਲ ਦੀ ਸਰਕਾਰ ਵੇਲੇ ਆਨ ਲਾਈਨ ਹੋ ਚੁੱਕੇ ਹਨ: ਮਹੇਸ਼ਇੰਦਰ ਸਿੰਘ ਗਰੇਵਾਲ
ਚੰਡੀਗੜ੍ਹ, 30 ਮਈ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਝੂਠ ਬੋਲਣ ਅਤੇ ਪੰਜਾਬੀਆਂ ਨੂੰ ਧੋਖਾ ਦੇਣਾ ਬੰਦ ਕਰਨ ਅਤੇ ਉਸ ਕੰਮ ਦਾ ਸਿਹਰਾ ਲੈਣ ਦੀ ਕੋਸ਼ਿਸ਼ ਨਾ ਕਰਨ ਜੋ ਪਹਿਲਾਂ ਹੀ ਹੋ ਚੁੱਕਾ ਹੈ ਤੇ ਪਾਰਟੀ ਨੇ ਉਹਨਾਂ ਨੂੰ ਚੇਤੇ ਕਰਵਾਇਆ ਕਿ ਜ਼ਮੀਨੀ ਰਿਕਾਰਡ ਤਾਂ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਕੰਪਿਊਟ੍ਰੀਕ੍ਰਿਤ ਹੋ ਚੁੱਕੇ ਹਨ ਅਤੇ ਆਨਲਾਈਨ ਉਪਲਬਧ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਸਤੀ ਸ਼ੋਹਰਤ ਖੱਟਣ ਵਾਸਤੇ ਝੂਠ ਬੋਲ ਰਹੇ ਹਨ ਕਿ ਆਪ ਸਰਕਾਰ ਜ਼ਮੀਨੀ ਰਿਕਾਰਡ ਡਿਜ਼ੀਟਾਈਜ਼ ਕਰਨ ਜਾ ਰਹੀ ਹੈ ਤੇ ਇਹ ਆਨਲਾਈਨ ਉਪਲਬਧ ਹੋਣਗੇ ਜਦੋਂ ਕਿ ਇਹ ਪ੍ਰਕਿਰਿਆ 10 ਸਾਲ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਸੂਬੇ ਭਰ ਵਿਚ ਪੜਾਅਵਾਰ ਪੂਰੀ ਕੀਤੀ ਗਈ।
ਵੇਰਵੇ ਸਾਂਝੇ ਕਰਦਿਆਂ ਮਹੇਸ਼ਇੰਦਰ ਸਿੰਘ ਗਰੇਵਾਲ ਨੈ ਕਿਹਾ ਕਿ ਪੰਜਾਬ ਨੇ ਸਾਰੇ ਜ਼ਮੀਨੀ ਰਿਕਾਰਡ ਨੂੰ 2011 ਵਿਚ ਹੀ ਮੁਕੰਮਲ ਕਰ ਕੇ ਅਜਿਹਾ ਕਰਨ ਵਾਲਾ ਪਹਿਲਾ ਰਾਜ ਬਣਨ ਦਾ ਮਾਣ ਵੀ ਹਾਸਲ ਕੀਤਾ ਸੀ ਜਿਸਦੀ ਬਦੌਲਤ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਵੀ ਆਪਣੀ ਜ਼ਮੀਨ ਦਾ ਰਿਕਾਰਡ ਆਨਲਾਈਨ ਵੇਖ ਸਕਦੇ ਹਨਅਤੇ ਸਬੰਧਤ ਤਹਿਸੀਲਦਾਰ ਦੇ ਡਿਜੀਟਲ ਹਸਤਾਖ਼ਰਾਂ ਨਾਲ ਇਸਦੀ ਹਾਰਡ ਕਾਪੀ ਵੀ ਪ੍ਰਾਪਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜ਼ਮੀਨੀ ਰਿਕਾਰਡ ਵੈਬ ’ਤੇ ਪਾਉਣਾ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੀ ਵੱਡੀ ਪ੍ਰਾਪਤੀ ਸੀ ਤੇ 2012-17 ਦੀ ਸਰਕਾਰ ਵੇਲੇ ਇਸ ਪ੍ਰਣਾਲੀ ਵਿਚ ਹੋਰ ਸੁਧਾਰ ਕੀਤਾ ਗਿਆ ਤੇ ਸਰਕਾਰ ਦਾ ਕੰਟਰੋਲ ਘਟਾਇਆ ਗਿਆ ਤੇ ਮਾਲੀਆ ਅਧਿਕਾਰੀਆਂ ਦਾ ਅਧਿਕਾਰ ਖੇਤਰ ਵਧਾਇਆ ਗਿਆ।
ਗਰੇਵਾਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਸਭ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਹਨ। ਉਹਨਾਂ ਕਿਹਾ ਕਿ 54 ਨਾਗਰਿਕ ਕੇਂਦਰੀ ਸੇਵਾਵਾਂ ਈਸੇਵਾ ਕੇਂਦਰਾਂ ਦੀ ਸਕੀਮ ਰਾਹੀਂ ਇਕ ਛੱਤ ਥੱਲੇ ਉਪਲਬਧ ਸਨ ਅਤੇ ਲੋਕਾਂ ਨੂੰ ਰਾਈਟ ਟੂ ਸਰਵਿਸ ਐਕਟ ਰਾਹੀਂ ਇਹ ਸੇਵਾਵਾਂ ਮਿਲਣੀਆਂ ਯਕੀਨੀ ਬਣਾਈਆਂ ਗਈਆਂ ਸਨ।
ਗਰੇਵਾਲ ਨੈ ਮੁੱਖ ਮੰਤਰੀ ਨੂੰ ਕਿਹਾ ਕਿ ਅਕਾਲੀ ਦਲ ਨੇ ਜੋ ਚੰਗਾ ਕੰਮ ਕੀਤਾ ਸੀ, ਤੁਸੀਂ ਉਸਨੂੰ ਤੋੜਨ ਵਾਲਿਆਂ ਦੇ ਮੁਖੀ ਹੋ। ਤੁਸੀਂ ਸੇਵਾ ਕੇਂਦਰਾਂ ਨੂੰ ਬੰਦ ਕਰਨ ਨੂੰ ਤਰਜੀਹ ਦਿੱਤੀ ਤੇ ਫਿਰ ਇਹਨਾਂ ’ਤੇ ਕੂਚੀ ਫੇਰ ਕੇ ਇਹਨਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਬਦੀਲ ਕਰ ਦਿੱਤਾ। ਉਹਨਾਂ ਕਿਹਾ ਕਿ ਤੁਸੀਂ ਪਿੰਡਾਂ ਦੀਆਂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕਾਂ ਵਿਚ ਬਦਲ ਦਿੱਤਾ ਜੋ ਬਹੁਤ ਮਹਿੰਗਾ ਸਾਬਤ ਹੋਇਆ ਤੇ ਸੂਬੇ ਦੇ ਪਿੰਡਾਂ ਵਿਚ ਸਿਹਤ ਸੰਭਾਲ ਢਾਂਚਾ ਢਹਿ ਢੇਰੀ ਹੋ ਗਿਆ। ਇਸੇ ਤਰੀਕੇ ਸਿਰਫ ਪਬਲੀਸਿਟੀ ਦੀ ਖਾਤਰ ਤੁਸੀਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਏ ਮੈਰੀਟੋਰੀਅਸ ਸਕੂਲਾਂ ਦਾ ਨਾਂ ਬਦਲ ਕੇ ਸਕੂਲਜ਼ ਆਫ ਐਮੀਨੈਂਸ ਰੱਖ ਕੇ ਫਿਰ ਤੋਂ ਸਸਤੀ ਸ਼ੋਹਰਤ ਖੱਟਣ ਦਾ ਯਤਨ ਕੀਤਾ।
ਗਰੇਵਾਲ ਨੇ ਭਗਵੰਤ ਮਾਨ ਨੂੰ ਆਖਿਆ ਕਿ ਉਹ ਅਕਾਲੀ ਦਲ ਦੀਆਂ ਪਹਿਲਕਦਮੀਆਂ ਦੀ ਨਕਲ ਨਾ ਮਾਰਨ ਅਤੇ ਇਹਨਾਂ ਨੂੰ ਆਪਣੀਆਂ ਪ੍ਰਾਪਤੀਆਂ ਵਜੋਂ ਦਰਸਾ ਕੇ ਮਾਰਕੀਟਿੰਗ ਕਰਨ ਦਾ ਯਤਨ ਨਾ ਕਰਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਤੁਸੀਂ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫਲ ਰਹੇ ਹੋ। ਤੁਸੀਂ 750 ਕਰੋੜ ਰੁਪਏ ਦਾ ਇਸ਼ਤਿਹਾਰੀ ਬਜਟ ਰੱਖ ਕੇ ਰੋਜ਼ਾਨਾ ਆਧਾਰ ’ਤੇ ਸਸਤੀ ਸ਼ੋਹਰਤ ਹਾਸਲ ਕਰਨ ਦੀਆਂ ਲੂੰਬੜ ਚਾਲਾਂ ਚਲ ਰਹੇ ਹੋ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਚਾਹ ਰਹੇ ਹੋ ਕਿ ਤੁਸੀਂ ਸਭ ਕੁਝ ਬਦਲ ਦਿੱਤਾ ਜਦੋਂ ਕਿ ਜ਼ਮੀਨੀ ਪੱਧਰ ’ਤੇ ਕੋਈ ਤਬਦੀਲੀ ਨਹੀਂ ਹੋਈ।