ਡਾ. ਰਾਜ ਕੁਮਾਰ ਚੱਬੇਵਾਲ ਦੇ ਆਪ ‘ਚ ਸ਼ਾਮਲ ਹੋਣ ਮਗਰੋਂ ਖਿਲਾਫ ਮੁੱਖ ਮੰਤਰੀ ਨੇ ਰੋਕੀ ਕਾਰਵਾਈ – ਮਜੀਠੀਆ

  • ਮੁੱਖ ਮੰਤਰੀ ਨੇ ਪਹਿਲਾਂ ਡਾ. ਰਾਜ ਕੁਮਾਰ ਚੱਬੇਵਾਲ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਤੇ ਫਿਰ ਵਿਧਾਇਕ ਦੇ ਆਪ ਵਿਚ ਸ਼ਾਮਲ ਹੋਣ ’ਤੇ ਉਸ ਖਿਲਾਫ ਫੌਜਦਾਰੀ ਕੇਸ ਦਰਜ ਹੋਣ ਤੋਂ ਰੋਕ ਦਿੱਤਾ
  • ਦੱਸਿਆ ਕਿ ਕਿਵੇਂ ਚੱਬੇਵਾਲ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਵਾਲੀ ਰਿਪੋਰਟ ਜਿਸ ਤਹਿਤ 10 ਸਾਲ ਦੀ ਕੈਦ ਹੋ ਸਕਦੀ ਸੀ, ਨੂੰ ਮੁੱਖ ਮੰਤਰੀ ਦੇ ਦੋਸਤ ਤੇ ਸੀ ਆਈ ਸੀ ਇੰਦਰਪਾਲ ਸਿੰਘ ਧੰਨਾ ਵੱਲੋਂ ਚੱਬੇਵਾਲ ਦੀ ਆਪ ਵਿਚ ਸ਼ਮੂਲੀਅਤ ਕਰਵਾਉਣ ਮਗਰੋਂ ਰੋਕ ਦਿੱਤੀ ਗਈ
  • ਮਾਮਲੇ ਦੀ ਸੀ ਬੀ ਆਈ ਜਾਂਚ ਅਤੇ ਧੰਨਾ ਦੀ ਬਰਖ਼ਾਸਤਗੀ ਮੰਗੀ

ਚੰਡੀਗੜ੍ਹ, 19 ਮਾਰਚ 2024: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਵੱਡਾ ਖੁਲ੍ਹਾਸਾ ਕਰਦਿਆਂ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਕਾਂਗਰਸੀ ਆਗੂ ਤੇ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਗਰੀਬ ਵਿਅਕਤੀਆਂ ਨਾਲ ਠੱਗੀ ਮਾਰਨ ਦੇ ਮਾਮਲੇ ਵਿਚ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਪਰ ਬਾਅਦ ਵਿਚ ਵਿਧਾਇਕ ਦੇ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣ ਮਗਰੋਂ ਉਹਨਾਂ ਖਿਲਾਫ ਕਾਰਵਾਈ ਰੋਕ ਦਿੱਤੀ ਗਈ। ਉਹਨਾਂ ਨੇ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ।

ਅਕਾਲੀ ਆਗੂ, ਜਿਹਨਾਂ ਨੇ ਚੱਬੇਵਾਲ ਖਿਲਾਫ ਜਾਂਚ ਰਿਪੋਰਟ ਇਥੇ ਮੀਡੀਆ ਨਾਲ ਸਾਂਝੀ ਕੀਤੀ, ਨੇ ਦੱਸਿਆ ਕਿ ’ਕੱਟੜ ਇਮਾਨਦਾਰ’ ਆਗੂਆਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਦੋਗਲਾਪਨ ਹੁਣ ਸਭ ਦੇ ਸਾਹਮਣੇ ਹੈ। ਪਹਿਲਾਂ ਇਹਨਾਂ ਨੇ ਫੌਜਦਾਰੀ ਅਪਰਾਧ, ਠੱਗੀ ਤੇ ਜਾਅਲਸਾਜ਼ੀ ਦੇ ਮਾਮਲੇ ਵਿਚ ਚੱਬੇਵਾਲ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਅਤੇ ਜਦੋਂ ਜਾਂਚ ਰਿਪੋਰਟ ਵਿਚ ਕਾਂਗਰਸੀ ਆਗੂ ਨੂੰ ਇਹਨਾਂ ਗੁਨਾਹਾਂ ਲਈ ਦੋਸ਼ੀ ਠਹਿਰਾਇਆ ਗਿਆ ਤਾਂ ਹੁਣ ਉਹ ਇਸਨੂੰ ਆਪ ਵਿਚ ਸ਼ਾਮਲ ਕਰ ਕੇ ਇਸਦੇ ਸਾਰੇ ਗੁਨਾਹ ਧੋ ਰਹੇ ਹਨ ਤੇ ਉਸਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਬਣਾ ਰਹੇ ਹਨ।

ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਚੱਬੇਵਾਲ ਇਕ ਨਹੀਂ ਬਲਕਿ ਅਨੇਕਾਂ ਅਪਰਾਧਾਂ ਦਾ ਦੋਸ਼ੀ ਹੈ ਤੇ ਉਸਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋਣੀ ਸੀ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਬੀ ਡੀ ਪੀ ਓ ਦੇ ਜਾਅਲੀ ਲੈਟਰ ਹੈਡ ’ਤੇ 4600 ਗਰੀਬ ਲੋਕਾਂ ਨੂੰ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਉਹਨਾਂ ਦੇ ਘਰਾਂ ਦੀਆਂ ਛੱਤਾਂ ਦੀ ਮੁਰੰਮਤ ਵਾਸਤੇ 10 ਹਜ਼ਾਰ ਰੁਪਏ ਤੋਂ 35 ਹਜ਼ਾਰ ਰੁਪਏ ਤੱਕ ਦੇਣ ਦਾ ਇਕਰਾਰ ਕਰ ਲਿਆ। ਉਹਨਾਂ ਦੱਸਿਆ ਕਿ ਮਾਮਲਾ ਚੋਣਾਂ ਦੌਰਾਨ ਹੀ ਉਸ ਸਮੇਂ ਬੇਨਕਾਬ ਹੋ ਗਿਆ ਜਦੋਂ ਲਾਭਪਾਤਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਸਕੀਮ ਤਹਿਤ ਕੋਈ ਫੰਡ ਨਹੀਂ ਮਿਲੇ। ਉਹਨਾਂ ਦੱਸਿਆ ਕਿ ਸ੍ਰੀ ਚੱਬੇਵਾਲ ਨੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਲੱਗੇ ਧਰਨੇ ਵਿਚ ਲਾਭਪਾਤਰੀਆਂ ਨੂੰ ਗੁੰਮਰਾਹ ਕਰਨ ਵਾਸਤੇ ਮੰਗ ਕੀਤੀ ਕਿ ਫੰਡ ਜਾਰੀ ਕੀਤੇ ਜਾਣ ਪਰ ਉਹਨਾਂ ਦਾ ਝੂਠ ਉਸੇ ਦਿਨ 20 ਅਪ੍ਰੈਲ 2022 ਨੂੰ ਉਸ ਵੇਲੇ ਫੜਿਆ ਗਿਆ ਜਦੋਂ ਡਿਪਟੀ ਕਮਿਸ਼ਨਰ ਨੇ ਪਾਇਆ ਕਿ ਪ੍ਰਵਾਨਗੀ ਪੱਤਰ ’ਤੇ ਕੋਈ ਡਿਸਪੈਚ ਨੰਬਰ ਨਹੀਂ ਹੈ ਅਤੇ ਇਹ ਚਿੱਠੀ ਜਾਅਲੀ ਹੈ।

ਮਜੀਠੀਆ ਨੇ ਕਿਹਾ ਕਿ ਆਪ ਦੇ ਚੱਬੇਵਾਲ ਤੋਂ ਉਮੀਦਵਾਰ ਹਰਮਿੰਦਰ ਸੰਧੂ ਵੱਲੋਂ ਸ੍ਰੀ ਚੱਬੇਵਾਲ ਖਿਲਾਫ ਸ਼ਿਕਾਇਤ ਦਰਜ ਕਰਵਾਉਣ ’ਤੇ ਉਹਨਾਂ ਨੂੰ ਇਸ ਮਗਰੋਂ ਮਾਹਿਲਪੁਰ ਅਤੇ ਹੁਸ਼ਿਆਰਪੁਰ-2 ਦੇ ਬੀ ਡੀ ਪੀਓਜ਼, ਜ਼ਿਲ੍ਹਾ ਪੁਲਿਸ ਮੁਖੀ ਅਤੇ ਡਿਪਟੀ ਕਮਿਸ਼ਨਰ ਨੇ ਦੋਸ਼ੀ ਠਹਿਰਾਇਆ। ਉਹਨਾਂ ਦੱਸਿਆ ਕਿ ਸਾਰੇ ਅਧਿਕਾਰੀਆਂ ਨੇ ਚੱਬੇਵਾਲ ਨੂੰ ਦੋਸ਼ੀ ਠਹਿਰਾਇਆ ਤੇ ਉਹਨਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ।

ਅਕਾਲੀ ਆਗੂ ਨੇ ਕਿਹਾ ਕਿ ਇਸ ਮੌਕੇ ’ਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਦੋਸਤ ਅਤੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਨੇ ਮਾਮਲੇ ਵਿਚ ਦਖਲ ਦਿੱਤਾ ਅਤੇ ਸ੍ਰੀ ਚੱਬੇਵਾਲ ਨੂੰ ਆਪ ਵਿਚ ਸ਼ਾਮਲ ਕਰਵਾਇਆ।

ਸਰਦਾਰ ਮਜੀਠੀਆ ਨੇ ਮੰਗ ਕੀਤੀ ਕਿ ਭਾਰਤੀ ਚੋਣ ਕਮਿਸ਼ਨ ਇਸ ਗੱਲ ਦਾ ਗੰਭੀਰ ਨੋਟਿਸ ਲਵੇ ਕਿ ਕਿਵੇਂ ਸ੍ਰੀ ਧੰਨਾ ਨੇ ਆਪਣੇ ਸੰਵਿਧਾਨਕ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਉਹਨਾਂ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਵੀ ਕੀਤੀ ਤੇ ਚੱਬੇਵਾਲ ਨੂੰ ਅਧਿਕਾਰੀਆਂ ਵੱਲੋਂ ਕਈ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ’ਤੇ ਕੀਤੀ ਫੌਜਦਾਰੀ ਕਾਰਵਾਈ ਦੀ ਸਿਫਾਰਸ਼ ਨੂੰ ਰੋਕਣ ਦੇ ਮਾਮਲੇ ਵਿਚ ਮੁੱਖ ਮੰਤਰੀ ਦੀ ਭੂਮਿਕਾ ਦੀ ਵੀ ਜਾਂਚ ਮੰਗੀ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਆਪਣੇ ਵਿਰੋਧੀਆਂ ਨੂੰ ਸਰਕਾਰ ਦੀ ਮਰਜ਼ੀ ਅਨੁਸਾਰ ਤੋਰਨ ਵਾਸਤੇ ਵਿਜੀਲੈਂਸ ਵਿਭਾਗ ਦੀ ਦੁਰਵਰਤੋਂ ਕਰ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਆਪ ਵਿਧਾਨ ਸਭਾ ਵਿਚ ਕਿਹਾ ਸੀ ਕਿ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀਆਂ 800 ਸਰਕਾਰੀ ਬੱਸਾਂ ਨੂੰ ਰਾਜਸਥਾਨ ਤੋਂ ਬਾਡੀਆਂ ਲਗਵਾਈਆਂ ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਹੋਇਆ ਹੈ ਪਰ ਮੁੱਖ ਮੰਤਰੀ ਨੇ ਹੁਣ ਤੱਕ ਵੀ ਕਾਂਗਰਸੀ ਆਗੂ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੇ ਹੁਕਮ ਨਹੀਂ ਦਿੱਤੇ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਦੋਵਾਂ ਪਾਰਟੀਆਂ ਦਾ ਗਠਜੋੜ ਹੋ ਚੁੱਕਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ

ਲੋਕ ਸਭਾ ਚੋਣਾਂ: ਅੰਤਰਰਾਜੀ ਸਰਹੱਦ ’ਤੇ 24 ਘੰਟੇ ਨਜ਼ਰਸਾਨੀ ਰੱਖੀ ਜਾਵੇਗੀ : ਡੀ.ਆਈ.ਜੀ.