ਚੰਡੀਗੜ੍ਹ, 23 ਸਤੰਬਰ 2025 – ਸੂਬੇ ਦੇ ਨਾਗਰਿਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਰਜਿਸਟ੍ਰੇਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸ ਦਾ ਮਨੋਰਥ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਮੁਹੱਈਆ ਕਰਵਾਉਣਾ ਹੈ।
ਪੰਜਾਬ ਸਰਕਾਰ ਅੱਜ 23 ਸਤੰਬਰ ਤੋਂ ਸਿਹਤ ਕਾਰਡ ਯੋਜਨਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਇਹ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਸ਼ੁਰੂ ਹੋਵੇਗੀ। ਰਜਿਸਟ੍ਰੇਸ਼ਨ ਲਈ ਲੋਕਾਂ ਨੂੰ ਆਪਣਾ ਆਧਾਰ ਕਾਰਡ ਜਾਂ ਵੋਟਰ ਆਈ.ਡੀ. ਕਾਰਡ, ਪਾਸਪੋਰਟ ਆਕਾਰ ਦੀ ਫੋਟੋ ਦੇ ਨਾਲ ਲਿਆਉਣ ਲਈ ਕਿਹਾ ਗਿਆ ਹੈ।
ਰਜਿਸਟ੍ਰੇਸ਼ਨ ਕਿਵੇਂ ਕਰਵਾਉਣੀ ਹੈ ?
ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਨਾਲ ਲਿਜਾਓ। ਨੇੜਲੇ ਸੇਵਾ ਕੇਂਦਰ (ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ) \‘ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਓ ਜਾਂ ਫਿਰ ਆਪਣੇ ਮੋਬਾਈਲ \‘ਤੇ “ਸਟੇਟ ਹੈਲਥ ਏਜੰਸੀ ਪੰਜਾਬ” ਐਪ ਰਾਹੀਂ ਰਜਿਸਟ੍ਰੇਸ਼ਨ ਕਰੋ। ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਮੁੱਖ ਮੰਤਰੀ ਸਿਹਤ ਕਾਰਡ ਜਾਰੀ ਕੀਤਾ ਜਾਵੇਗਾ। ਇਸ ਕਾਰਡ ਨਾਲ ਤੁਸੀਂ ਸਰਕਾਰੀ ਅਤੇ ਨਿਰਧਾਰਤ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਸਕੋਗੇ। ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਕਿਹੜੇ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਸਕਦਾ ਹੈ ਜਾਂ ਹਸਪਤਾਲ ਦੇ ਵਿੱਚ ਇਹ ਕਾਰਡ ਕਿਵੇਂ ਕੰਮ ਕਰੇਗਾ।

ਕਿਹੜੇ ਹਸਪਤਾਲਾਂ ਵਿੱਚ ਇਲਾਜ ਮਿਲੇਗਾ ?
ਸਾਰੇ ਸਰਕਾਰੀ ਹਸਪਤਾਲ (ਜ਼ਿਲ੍ਹਾ, ਸਬ-ਡਿਵੀਜ਼ਨ, ਸਿਵਲ, ਪ੍ਰਾਇਮਰੀ ਹੈਲਥ ਸੈਂਟਰ ਆਦਿ)। ਇਸ ਦੇ ਨਾਲ ਹੀ ਚੁਣੇ ਹੋਏ ਅਤੇ ਨਿਰਧਾਰਤ ਪ੍ਰਾਈਵੇਟ ਹਸਪਤਾਲ, ਜੋ ਸਰਕਾਰ ਵੱਲੋਂ ਇਸ ਸਕੀਮ ਲਈ ਮਨਜ਼ੂਰ ਕੀਤੇ ਜਾਣਗੇ। ਵੱਡੇ ਮਲਟੀ-ਸਪੈਸ਼ਲਟੀ ਹਸਪਤਾਲ ਵੀ ਇਸ ਯੋਜਨਾ ਵਿੱਚ ਸ਼ਾਮਲ ਹੋਣਗੇ।
ਇਲਾਜ ਕਿਵੇਂ ਮਿਲੇਗਾ ?
ਮਰੀਜ਼ ਜਾਂ ਪਰਿਵਾਰਕ ਮੈਂਬਰ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਵੇਗਾ। ਜਿਸ ਤੋਂ ਬਾਅਦ ਹਸਪਤਾਲ ਸਕੀਮ ਪੋਰਟਲ \‘ਤੇ ਵੇਰੀਫਿਕੇਸ਼ਨ ਕਰੇਗਾ। ਵੈਰੀਫਾਈ ਹੋਣ ਤੋਂ ਬਾਅਦ ਇਲਾਜ ਮੁਫ਼ਤ ਸ਼ੁਰੂ ਕਰ ਦਿੱਤਾ ਜਾਵੇਗਾ। ਮਰੀਜ਼ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ, ਸਾਰਾ ਖ਼ਰਚਾ ਸਰਕਾਰ ਭਰੇਗੀ। ਦਾਖਲਾ, ਆਪਰੇਸ਼ਨ, ਦਵਾਈਆਂ ਤੇ ਇਲਾਜ ਨਾਲ ਜੁੜੀਆਂ ਹੋਰ ਸੇਵਾਵਾਂ ਵੀ ਮੁਫ਼ਤ ਹੋਣਗੀਆਂ।
