ਸੰਗਰੂਰ, 19 ਨਵੰਬਰ 2022 – ਜ਼ਿਲ੍ਹਾ ਸੰਗਰੂਰ ਵਿੱਚ ਛੱਤ ਤੋਂ ਡਿੱਗ ਕੇ ਇੱਕ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਮੇਂ ਇਹ ਹਾਦਸਾ ਹੋਇਆ ਬੱਚਾ ਛੱਤ ‘ਤੇ ਪਤੰਗ ਉਡਾ ਰਿਹਾ ਸੀ। ਛੱਤ ‘ਤੇ ਜੰਗਲਾ ਨਾ ਲੱਗਾ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਹ ਛੱਤ ਤੋਂ ਹੇਠਾਂ ਡਿੱਗ ਗਿਆ। ਬੱਚੇ ਦੇ ਡਿੱਗਣ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਦੌੜ ਕੇ ਉਸ ਨੂੰ ਹਸਪਤਾਲ ਲੈ ਗਏ ਪਰ ਬੱਚੇ ਨੇ ਦਮ ਤੋੜ ਦਿੱਤਾ।
ਮਰਨ ਵਾਲੇ ਬੱਚੇ ਦੀ ਪਛਾਣ ਏਕਮਜੋਤ ਸਿੰਘ ਵਾਸੀ ਪਿੰਡ ਗੰਡੇਵਾਲ ਵਜੋਂ ਹੋਈ ਹੈ। ਪਰਿਵਾਰਕ ਮੈਂਬਰ ਹਰਬੰਸ ਸਿੰਘ ਹੰਸਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਲੜਕੀ )ਮ੍ਰਿਤਕ ਲੜਕੇ ਦੀ ਭੈਣ) ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕਾ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।
ਫਿਲਹਾਲ ਪੁਲਸ ਇਸ ਨੂੰ ਹਾਦਸੇ ਨਾਲ ਜੋੜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੇ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਅੱਜ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।