ਅੰਮ੍ਰਿਤਸਰ, 27 ਅਕਤੂਬਰ 2023 – ਅੰਮ੍ਰਿਤਸਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਸ ਵੱਲੋਂ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਦੌਰਾਨ ਚੀਨ ਦਾ ਬਣਿਆ ਡਰੋਨ ਬਰਾਮਦ ਕੀਤਾ ਗਿਆ ਹੈ। ਇਹ ਇਕ ਮਿੰਨੀ ਡਰੋਨ ਹੈ, ਜਿਸ ਦੀ ਵਰਤੋਂ ਪਾਕਿਸਤਾਨ ਸਥਿਤ ਤਸਕਰ 1 ਕਿਲੋ ਤੋਂ ਘੱਟ ਦੀ ਹੈਰੋਇਨ ਦੀ ਸਪਲਾਈ ਸਰਹੱਦ ਪਾਰ ਕਰਨ ਲਈ ਕਰਦੇ ਹਨ। ਫਿਲਹਾਲ ਪੁਲਸ ਨੇ ਡਰੋਨ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਅਤੇ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਅੰਮ੍ਰਿਤਸਰ ਸਰਹੱਦ ‘ਤੇ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਸਾਂਝੀ ਤਲਾਸ਼ੀ ਸ਼ੁਰੂ ਕੀਤੀ। ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਬੈਰੋਪਾਲ ਵਿੱਚ ਤਲਾਸ਼ੀ ਦੌਰਾਨ ਖੇਤਾਂ ਵਿੱਚੋਂ ਇੱਕ ਡਰੋਨ ਮਿਲਿਆ। ਪੁਲਸ ਨੇ ਇਸ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਇੱਕ ਕਵਾਡਕਾਪਟਰ ਮਾਡਲ DJI Mavic 3 ਕਲਾਸਿਕ ਡਰੋਨ ਹੈ। ਜਿਸ ਦਾ ਨਿਰਮਾਣ ਚੀਨ ‘ਚ ਹੁੰਦਾ ਹੈ। ਤਸਕਰ ਇਸ ਦੀ ਵਰਤੋਂ ਸਰਹੱਦ ਪਾਰੋਂ ਛੋਟੀਆਂ ਖੇਪਾਂ ਭੇਜਣ ਲਈ ਕਰਦੇ ਹਨ। ਦਰਅਸਲ, ਇਸ ਡਰੋਨ ਵਿੱਚ ਇੱਕ ਕੈਮਰਾ ਹੈ, ਜਿਸ ਦੀ ਫੁਟੇਜ ਡਰੋਨ ਨੂੰ ਉਡਾਉਣ ਵਾਲੇ ਵਿਅਕਤੀ ਤੱਕ ਪਹੁੰਚਦੀ ਹੈ।
ਜੇਕਰ ਡਰੋਨ ਡਿੱਗਦਾ ਹੈ ਤਾਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਵੀਡੀਓ ਦੇ ਆਧਾਰ ‘ਤੇ ਭਾਰਤੀ ਤਸਕਰ ਇਸ ਦਾ ਪਤਾ ਲਗਾ ਲੈਂਦੇ ਹਨ। ਇੰਨਾ ਹੀ ਨਹੀਂ, ਤਸਕਰਾਂ ਨੂੰ ਡਰੋਨ ਦੀ ਖੇਪ ਕਿੱਥੇ ਉਤਰੀ ਹੈ, ਇਸ ਦਾ ਸਹੀ ਟਿਕਾਣਾ ਵੀ ਸਪੱਸ਼ਟ ਤੌਰ ‘ਤੇ ਪਤਾ ਹੈ। ਛੋਟੇ ਆਕਾਰ ਕਾਰਨ ਇਹ ਡਰੋਨ ਬੀਐਸਐਫ ਜਵਾਨਾਂ ਦੀ ਨਜ਼ਰ ਤੋਂ ਵੀ ਬਚ ਜਾਂਦਾ ਹੈ।
ਪਿਛਲੇ ਤਿੰਨ ਦਿਨਾਂ ਤੋਂ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੂੰ ਦੋ ਦਿਨ ਪਹਿਲਾਂ ਵੀ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਧਨੋਏ ਕਲਾਂ ਤੋਂ ਕਵਾਡਕਾਪਟਰ ਮਾਡਲ DJI Mavic 3 ਕਲਾਸਿਕ ਮਿੰਨੀ ਡਰੋਨ ਬਰਾਮਦ ਹੋਇਆ ਸੀ।
ਇਸ ਦੇ ਨਾਲ ਹੀ ਤਰਨਤਾਰਨ ਦੇ ਪਿੰਡ ਡਾਲ ਤੋਂ 1.5 ਕਿਲੋ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 10 ਕਰੋੜ ਰੁਪਏ ਸੀ। ਬੀਤੇ ਦਿਨ ਵੀ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਤੋਂ 2.45 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਬਰਾਮਦ ਹੋਈ ਸੀ।