ਫਰੀਦਕੋਟ, 28 ਅਪ੍ਰੈਲ 2022 – ਸੀਆਈ ਸਟਾਫ਼ ਫਰੀਦਕੋਟ ਵੱਲੋਂ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਨੇ ਇਹਨਾਂ ਗੈਂਗਸਟਰਾਂ ਨੂੰ ਪਿੰਡ ਚਹਿਲ ਦੇ ਕੋਲ ਨਾਕਾਬੰਦੀ ਦੇ ਦੌਰਾਨ ਗ੍ਰਿਫਤਾਰ ਕੀਤਾ। ਇਹ ਗੈਂਗਸਟਰ ਸੁੱਖਾ ਦੁਨੇਕੇ ਗਰੁੱਪ ਗੈਂਗ ਦੇ ਦੱਸੇ ਜਾ ਰਹੇ ਹਨ। ਪੁਲਿਸ ਨੇ ਇਹਨਾਂ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਉਨ੍ਹਾਂ ਤੋਂ 6 ਪਿਸਤੌਲ ਅਤੇ 23 ਕਾਰਤੂਸ ਬਰਾਮਦ ਕੀਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਸੀਆਈ ਸਟਾਫ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਪਿੰਡ ਚਹਿਲ ਤੋਂ ਪਿੰਡ ਭਾਣਾ ਨੂੰ ਜਾਂਦੀ ਲਿੰਕ ਰੋਡ ਤੇ ਡੇਰਾ ਬਾਬਾ ਜੋਗੀ ਪੀਰ ਦੇ ਕੋਲ ਨਾਕਾਬੰਦੀ ਦੌਰਾਨ ਇੱਕ ਕਾਰ ਨੂੰ ਰੋਕਿਆ। ਪੁਲਿਸ ਨੂੰ ਦੇਖਦੇ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਾਰ ਨਾ ਭੱਜ ਸਕੀ ਤੇ ਕੱਚੇ ਰਸਤੇ ਉਤਰ ਕੇ ਬੰਦ ਹੋ ਗਈ। ਪੁਲਿਸ ਨੇ ਤੁਰੰਤ ਕਾਰ ਸਵਾਰ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ ਤੇ 23 ਜਿੰਦਾ ਕਾਰਤੂਸ ਅਤੇ 6 ਪਿਸਤੌਲ ਬਰਾਮਦ ਕੀਤੇ।
ਐਸ ਐਸ ਪੀ ਅਵਨੀਤ ਕੌਰ ਸਿੱਧੂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਮੁਲਜ਼ਮਾਂ ਦੀ ਪਹਿਚਾਣ ਡੋਗਰ ਬਸਤੀ ਵਾਸੀ ਗਗਨਦੀਪ ਸਿੰਘ ਉਰਫ ਅਫੀਮ , ਪਿੰਡ ਰਾਮੂਵਾਲਾ ਵਾਸੀ ਮਨਤਾਰ ਸਿੰਘ ਜੈਤੋ ਅਤੇ ਬਲਬੀਰ ਬਸਤੀ ਦੇ ਕਰਨ ਸ਼ਰਮਾਂ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਉਮੀਦ ਹੈ ਕਿ ਇਹਨਾਂ ਕੋਲੋਂ ਨਵੇਂ ਖੁਲਾਸੇ ਹੋ ਸਕਦੇ ਹਨ।