ਚੰਡੀਗੜ੍ਹ, 6 ਅਕਤੂਬਰ 2022: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਰਹਿਤ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੀ.ਸੈ. ਪਠਾਨਕੋਟ ਦੇ ਦਫ਼ਤਰ ਵਿਖੇ ਤਾਇਨਾਤ ਕਲਰਕ ਅਰੁਣ ਕੁਮਾਰ ਜਾਇਜ਼ ਕੰਮ ਕਰਨ ਬਦਲੇ ਵੀ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਸ਼ਿਕਾਇਤਕਰਤਾ ਨੇ ਸਬੂਤ ਵਜੋਂ ਨਾਲ ਕਾਲ ਰਿਕਾਰਡਿੰਗ ਵੀ ਉਪਲਬਧ ਕਰਵਾਈ ਸੀ।
ਸ.ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਕਾਇਤ ਸਬੰਧੀ ਤੁਰੰਤ ਮੁਢਲੀ ਜਾਂਚ ਕਰਵਾਈ ਅਤੇ ਦੋਸ਼ ਸਹੀ ਪਾਏ ਗਏ।
ਜਿਸ ਤੇ ਉਨ੍ਹਾਂ ਡੀ.ਪੀ.ਆਈ. ਸੈਕੰਡਰੀ ਸਿੱਖਿਆ ਨੂੰ ਹੁਕਮ ਦਿੱਤੇ ਕਿ ਅਰੁਣ ਕੁਮਾਰ ਕਲਰਕ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਜਿਸ ਸਬੰਧੀ ਵਿਭਾਗੀ ਹੁਕਮ ਜਾਰੀ ਕਰ ਦਿੱਤੇ ਗਏ ਹਨ।