ਲੁਧਿਆਣਾ, 23 ਸਤੰਬਰ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਪਹੁੰਚ ਰਹੇ ਹਨ। ਮੁੱਖ ਮੰਤਰੀ ਇੱਥੇ ਫਿਰੋਜ਼ਪੁਰ ਰੋਡ ‘ਤੇ ਸਥਿਤ ਪੀਏਯੂ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ) ਵਿਖੇ ਕਿਸਾਨ ਮੇਲੇ ਅਤੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ ਕਰਨਗੇ।
ਮੁੱਖ ਮੰਤਰੀ ਦੀ ਸ਼ਹਿਰ ਵਿੱਚ ਆਮਦ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕਰੀਬ 11 ਵਜੇ ਕਿਸਾਨ ਮੇਲੇ ਦਾ ਉਦਘਾਟਨ ਕਰਨਗੇ ਅਤੇ ਫਿਰ ਕਿਸਾਨਾਂ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਪੀਏਯੂ ਵਿੱਚ 3 ਸਾਲਾਂ ਬਾਅਦ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਤੰਬਰ 2019 ਤੋਂ ਬਾਅਦ ਹੁਣ 23-24 ਨੂੰ ਭੌਤਿਕ ਤੌਰ ‘ਤੇ ਦੋ ਰੋਜ਼ਾ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਕੋਵਿਡ ਕਾਰਨ 2020 ਵਿੱਚ ਮੇਲਾ ਨਹੀਂ ਲਗਾਇਆ ਗਿਆ ਸੀ।
ਇਸ ਵਾਰ ਮੇਲੇ ਵਿੱਚ ਪੰਜਾਬ ਦੀ ਜਵਾਨੀ, ਖੇਤੀ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਕਾਰਨ ਵੱਖ-ਵੱਖ ਥਾਵਾਂ ‘ਤੇ ਵੱਡੀਆਂ ਐਲਈਡੀ ਸਕਰੀਨਾਂ ਵੀ ਲਗਾਈਆਂ ਜਾ ਰਹੀਆਂ ਹਨ।
ਮੇਲੇ ਦੀ ਹਰ ਝਲਕ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਮੇਲੇ ਵਿੱਚ ਕਿਸਾਨਾਂ ਲਈ ਵੱਖ-ਵੱਖ ਕਿਸਮਾਂ ਦੇ ਬੀਜਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਸਟਾਲ ਵੀ ਲਗਾਏ ਜਾ ਰਹੇ ਹਨ।