- ਕਿਹਾ-ਕਿਸਾਨਾਂ ਨੂੰ 15 ਦਿਨਾਂ ‘ਚ ਮਿਲੇਗਾ ਮੁਆਵਜ਼ਾ
ਬਠਿੰਡਾ, 1 ਅਪ੍ਰੈਲ 2023 – ਪੰਜਾਬ ‘ਚ ਬਾਰਿਸ਼ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਖਰਾਬ ਹੋ ਗਈ ਹੈ। ਇਸ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਬਠਿੰਡਾ ਦੇ ਰਾਮਪੁਰਾ ਫੂਲ ਇਲਾਕੇ ਦੇ ਪਿੰਡ ਸੇਲਬਰਾਹ ਭਾਈ ਰੂਪਾ ਪਹੁੰਚੇ। ਇੱਥੇ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ 15 ਦਿਨਾਂ ਦੇ ਅੰਦਰ-ਅੰਦਰ ਮੁਆਵਜ਼ੇ ਦੀ ਰਾਸ਼ੀ ਉਨ੍ਹਾਂ ਦੇ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਮੁਆਵਜ਼ਾ ਜਲਦੀ ਹੀ ਦਿੱਤਾ ਜਾਵੇਗਾ। ਸਰਕਾਰ ਕੋਲ ਕੁਦਰਤੀ ਆਫ਼ਤ ਫੰਡ ਹੈ, ਜੋ ਜਾਰੀ ਕੀਤਾ ਜਾਵੇਗਾ। ਜਿਹੜੇ ਕਿਸਾਨ ਕਿਰਾਏਦਾਰ ਹਨ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਵਿੱਚ ਗਿਰਦਾਵਰੀ ਵੀ ਕੀਤੀ ਜਾਵੇਗੀ, ਜਿਸ ਵਿੱਚ ਹਰੇ ਚਾਰੇ ਤੋਂ ਇਲਾਵਾ ਹੋਰ ਨੁਕਸਾਨ ਵੀ ਹੋਏ ਹਨ, ਉਨ੍ਹਾਂ ਦੀ ਵੀ ਭਰਪਾਈ ਕੀਤੀ ਜਾਵੇਗੀ।
ਇਸ ਦੌਰੇ ਦੌਰਾਨ ਮੁੱਖ ਮੰਤਰੀ ਕਰੀਬ ਅੱਧਾ ਘੰਟਾ ਕਿਸਾਨਾਂ ਵਿਚਕਾਰ ਰਹੇ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ। ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।