ਚੰਡੀਗੜ੍ਹ, 29 ਫਰਵਰੀ 2024: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਨੇ ਹਰਿਆਣਾ ਪੁਲਿਸ ਦੀ ਗੋਲੀਬਾਰੀ ਵਿਚ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਕੇ ਸਿਰਫ ਸ਼ੁਭਕਰਨ ਹੀ ਨਹੀਂ ਬਲਕਿ ਕਿਸਾਨਾਂ ਤੇ ਪੰਜਾਬੀਆਂ ਨਾਲ ਵੀ ਧੋਖਾ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਹਰਿਆਣਾ ਸਰਕਾਰ ਤੇ ਇਸਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਰਲ ਕੇ ਸ਼ੁਭਕਰਨ ਨੂੰ ਨਿਆਂ ਦੇਣ ਤੋਂ ਇਨਕਾਰੀ ਹਨ।
ਇਸਨੂੰ ਮੁੱਖ ਮੰਤਰੀ ਵੱਲੋਂ ਕੇਸ ਵਿਚ ਐਫ ਆਈ ਆਰ ਦਰਜ ਕਰਨ ਦੇ ਦੁਆਏ ਭਰੋਸੇ ਤੋਂ ਪਲਟੀ ਮਾਰਨਾ ਕਰਾਰ ਦਿੰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੁਣ ਜਾਣ ਬੁੱਝ ਕੇ ਇਕ ਕਮਜ਼ੋਰ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਜੋ ਅਦਾਲਤ ਵਿਚ ਮੂਧੇ ਮੂੰਹ ਡਿੱਗੇਗੀ। ਉਹਨਾਂ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਕੱਲ੍ਹ ਨੂੰ ਕਿਸਾਨਾਂ ’ਤੇ ਹੀ ਇਹ ਦੋਸ਼ ਮੜ੍ਹਿਆ ਜਾ ਸਕਦਾ ਹੈ ਕਿ ਉਹ ਸ਼ੁਭਕਰਨ ਦੀ ਮੌਤ ਲਈ ਜ਼ਿੰਮੇਵਾਰ ਹਨ ਕਿਉਂਕਿ ਕੇਸ ਅਣਪਛਾਤੇ ਲੋਕਾਂ ਖਿਲਾਫ ਦਰਜ ਹੋਇਆ ਹੈ।
ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੁਭਕਰਨ ਨੂੰ ਕਦੇ ਵੀ ਇਨਸਾਫ ਨਹੀਂ ਮਿਲੇਗਾ। ਉਹਨਾਂ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਉਹ ਵਾਰ-ਵਾਰ ਦਾਅਵੇ ਕਰਦੇ ਸਨ ਕਿ ਪੁਲਿਸ ਕਦੇ ਵੀ ਕਿਸੇ ਖਿਲਾਫ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਹੁਕਮਾਂ ਬਗੈਰ ਗੋਲੀ ਨਹੀਂ ਚਲਾ ਸਕਦੀ। ਉਹਨਾਂ ਸਵਾਲ ਕੀਤਾ ਕਿ ਹੁਣ ਕੀ ਹੋ ਗਿਆ ? ਉਹਨਾਂ ਕਿਹਾ ਕਿ ਜਿਹਨਾਂ ਨੇ ਸ਼ੁਭਕਰਨ ਦਾ ਕਤਲ ਕੀਤਾ, ਮੁੱਖ ਮੰਤਰੀ ਉਹਨਾਂ ਖਿਲਾਫ ਐਫ ਆਈ ਆਰ ਦਰਜ ਕਰਨ ਤੋਂ ਕਿਉਂ ਬੌਖਲਾ ਰਹੇ ਹਨ?
ਮਜੀਠੀਆ ਨੇ ਕਿਹਾ ਕਿ ਸ਼ੁਭਕਰਨ ਤੋਂ ਇਲਾਵਾ ਆਮ ਆਦਮੀ ਪਾਰਟੀ ਸਰਕਾਰ ਨੇ ਉਹਨਾਂ ਹੋਰ ਪੰਜ ਕਿਸਾਨਾਂ ਕਿਸਾਨਾਂ ਨੂੰ ਵੀ ਫੇਲ੍ਹ ਕਰ ਦਿੱਤਾ ਹੈ ਜੋ ਮੌਜੂਦਾ ਅੰਦੋਲਨ ਵਿਚ ਸ਼ਹੀਦ ਹੋਏ ਤੇ ਪ੍ਰੀਤਪਾਲ ਸਿੰਘ ਜਿਸ ਨਾਲ ਹਰਿਆਣਾ ਪੁਲਿਸ ਨੇ ਪੰਜਾਬ ਦੇ ਖੇਤਰ ਤੋਂ ਅਗਵਾ ਕਰਨ ਮਗਰੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਉਸਨੂੰ ਵੀ ਫੇਲ੍ਹ ਕਰ ਦਿੱਤਾ ਹੈ।
ਅਕਾਲੀ ਆਗੂ ਨੇ ਪੰਜਾਬ ਕਾਂਗਰਸ ਅਤੇ ਇਸਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਆਪ ਸਰਕਾਰ ਨਾਲ ਫਰੈਂਡਲੀ ਮੈਚ ਖੇਡਣ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਦੋਵਾਂ ਪਾਰਟੀਆਂ ਵਿਚ ਗਠਜੋੜ ਹੋ ਗਿਆ ਹੈ ਪਰ ਕਾਂਗਰਸ ਪਾਰਟੀ ਆਪ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰੇ ਕਰਨ ਦੀ ਡਰਾਮੇਬਾਜ਼ੀ ਕਰ ਰਹੀ ਹੈ ਜਦੋਂ ਕਿ ਇਸਦੇ ਪ੍ਰਧਾਨ ਰਾਜਾ ਵੜਿੰਗ ਨੇ ਪਹਿਲਾਂ ਹੀ ਮੁੱਖ ਮੰਤਰੀ ਨਾਲ ਸਮਝੌਤਾ ਕਰ ਲਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹਨਾਂ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੋਈ ਵੀ ਪਰਚਾ ਦਰਜ ਨਾ ਹੋਵੇ।