- ਮਾਨ ਨੇ ਕਿਹਾ- ਸਾਨੂੰ ਉਮੀਦ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ
ਚੰਡੀਗੜ੍ਹ, 7 ਫਰਵਰੀ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਮੇਅਰ ਚੋਣਾਂ ਦੇ ਰਿਟਰਨਿੰਗ ਅਫਸਰ (ਆਰ.ਓ.) ਅਨਿਲ ਮਸੀਹ ਦੀ ਨਕਲ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਅਨਿਲ ਮਸੀਹ ਵਾਂਗ ਵੋਟਾਂ ‘ਤੇ ਦਸਤਖਤ ਕਰਨ ਅਤੇ ਉਨ੍ਹਾਂ ਨੂੰ ਇਕ ਪਾਸੇ ਰੱਖਣ ਦੀ ਕਾਰਵਾਈ ਦੀ ਨਕਲ ਕਰਕੇ ਦਿਖਾਈ।
ਭਗਵੰਤ ਮਾਨ ਨੇ ਕਿਹਾ- ਇਹ ਹੈ ਦੇਸ਼ ਦਾ ਲੋਕਤੰਤਰ। ਜੇਕਰ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਸੁਪਰੀਮ ਕੋਰਟ ਜਾਣਾ ਪਵੇਗਾ। ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਕਿਸੇ ਵੀ ਵਿਅਕਤੀ ਨੂੰ ਵੀਡੀਓ ਦਿਖਾਓ, ਚੀਫ਼ ਜਸਟਿਸ ਤਾਂ ਉੱਚ ਅਹੁਦੇ ‘ਤੇ ਹਨ। ਦੇਸ਼ ਵਿੱਚ ਸਭ ਤੋਂ ਉੱਚਾ ਅਹੁਦਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦਾ ਹੈ। ਉਨ੍ਹਾਂ ਦੇ ਮਨ ਨੇ ਇਸ ਵੀਡੀਓ ਨੂੰ ਦੇਖ ਕੇ ਡੋਲਣਾ ਹੀ ਹੈ। ਆਮ ਆਦਮੀ ਨੂੰ ਦਿਖਾਓ ਕਿ ਵੋਟਾਂ ਐਵੇਂ ਗਿਣੀਆਂ ਜਾਂਦੀਆਂ ਹਨ।
ਵੀਡੀਓ ਵਿੱਚ ਅਨਿਲ ਮਸੀਹ ਨੇ ਕੀ ਕੀਤਾ, ਉਸ ਦੀ ਨਕਲ ਕਰਦੇ ਹੋਏ ਸੀ ਐਮ ਮਾਨ ਨੇ ਕਿਹਾ ਕਿ ਆਮ ਆਦਮੀ ਕਹੇਗਾ, ਇਸ ਤਰ੍ਹਾਂ ਉਨ੍ਹਾਂ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ। ਉਹ ਇਸ ਤਰ੍ਹਾਂ ਕੱਟੇ ਦਿੱਤੀਆਂ ਜਾਂਦੀਆਂ ਹਨ. ਇਸ ਤਰ੍ਹਾਂ ਹੀ, ਉਹ ਇਸ ਡੱਬੇ (ਟੋਕਰੀ) ਵਿਚ, ਦਿਖਾਏ ਬਿਨਾਂ ਹੀ ਰੱਖ ਦਿੱਤੀਆਂ ਜਾਂਦੀਆਂ ਹਨ। ਸਾਨੂੰ ਉਮੀਦ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ। ਮਾਮਲਾ ਅਜੇ ਅਦਾਲਤ ਵਿੱਚ ਹੈ, 19 ਫਰਵਰੀ ਨੂੰ ਇੱਕ ਹੋਰ ਸੁਣਵਾਈ ਹੈ। ਮੈਂ ਹੁਣ ਜ਼ਿਆਦਾ ਇਸ ਮਾਮਲੇ ‘ਚ ਨਹੀਂ ਬੋਲਾਂਗਾ।
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਅਧਿਕਾਰੀ ਨੂੰ ਸਖ਼ਤ ਫਟਕਾਰ ਲਗਾਈ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੀਜੇਆਈ ਡੀਵਾਈ ਚੰਦਰਚੂੜ ਨੇ ਕਿਹਾ ਸੀ- ਇਹ ਸਾਫ਼ ਹੈ ਕਿ ਬੈਲਟ ਪੇਪਰ ਨਾਲ ਛੇੜਛਾੜ ਕੀਤੀ ਗਈ ਹੈ। ਕੀ ਚੋਣਾਂ ਇਸ ਤਰ੍ਹਾਂ ਕਰਵਾਈਆਂ ਜਾਂਦੀਆਂ ਹਨ ? ਚੋਣ ਅਧਿਕਾਰੀ ‘ਤੇ ਕੇਸ ਦਰਜ ਹੋਣਾ ਚਾਹੀਦਾ ਹੈ, ਉਹ ਕੈਮਰੇ ਵੱਲ ਕਿਉਂ ਦੇਖ ਰਿਹਾ ਹੈ ਅਤੇ ਫਿਰ ਭਗੌੜੇ ਵਾਂਗ ਕਿਉਂ ਭੱਜ ਰਿਹਾ ਹੈ ?
ਬਹੁਮਤ ਹੋਣ ਦੇ ਬਾਵਜੂਦ ‘ਆਪ’-ਕਾਂਗਰਸ ਦੇ ਸਾਂਝੇ ਮੇਅਰ ਉਮੀਦਵਾਰ ਕੁਲਦੀਪ ਕੁਮਾਰ ਮੇਅਰ ਦੀ ਚੋਣ ਹਾਰਨ ਤੋਂ ਬਾਅਦ 30 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਗਏ ਸਨ। ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀ ਨੇ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਹੈ। ਇਸ ਚੋਣ ਨੂੰ ਰੱਦ ਕਰਨ ਜਾਂ ਰੁਕਣ ਦੇ ਨਾਲ-ਨਾਲ ਸਮੁੱਚੇ ਮਾਮਲੇ ‘ਤੇ ਤੁਰੰਤ ਫੈਸਲਾ ਲੈਣ ਦੀ ਮੰਗ ਕੀਤੀ।
ਹਾਈਕੋਰਟ ਨੇ 31 ਜਨਵਰੀ ਨੂੰ ਇਸ ‘ਤੇ ਸੁਣਵਾਈ ਕਰਦੇ ਹੋਏ ਪ੍ਰਸ਼ਾਸਨ ਤੋਂ 3 ਹਫਤਿਆਂ ‘ਚ ਚੋਣ ਸੰਬੰਧੀ ਰਿਪੋਰਟ ਤਲਬ ਕੀਤੀ ਸੀ। ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੁਣਵਾਈ ਪੂਰੀ ਹੋਣ ਤੱਕ ਸਾਰਾ ਰਿਕਾਰਡ ਸੁਰੱਖਿਅਤ ਸੀਲ ਕਰਨ ਦੇ ਵੀ ਹੁਕਮ ਦਿੱਤੇ ਹਨ। ਜਿਸ ‘ਤੇ ਪ੍ਰਸ਼ਾਸਨ ਨੇ ਜਵਾਬ ਦਿੱਤਾ ਕਿ ਸਾਰਾ ਰਿਕਾਰਡ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਹੈ।
ਅਜਿਹੇ ‘ਚ ਮੇਅਰ ਚੋਣਾਂ ‘ਤੇ ਕੋਈ ਰੋਕ ਨਹੀਂ ਲੱਗੀ। ਇਸ ਦੇ ਨਾਲ ਹੀ ਜਲਦੀ ਸੁਣਵਾਈ ਦੀ ਮੰਗ ਵੀ ਪੂਰੀ ਨਹੀਂ ਹੋਈ, ਜਿਸ ਕਾਰਨ ‘ਆਪ’-ਕਾਂਗਰਸ ਦੇ ਉਮੀਦਵਾਰ ਸੁਪਰੀਮ ਕੋਰਟ ਚਲੇ ਗਏ।