CM ਮਾਨ ਵਲੋਂ ਹੜ੍ਹ ਪੀੜਤਾਂ ਲਈ ਨਵੇਂ ਮਿਸ਼ਨ ਦੀ ਸ਼ੁਰੂਆਤ

ਚੰਡੀਗੜ੍ਹ, 17 ਸਤੰਬਰ 2025 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਦੇ ਸੰਕਟ ‘ਚੋਂ ਲੰਘੇ ਪੀੜਤਾਂ ਲਈ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਵਲੋਂ ‘ਮਿਸ਼ਨ ਚੜ੍ਹਦੀ ਕਲਾ’ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਹਰ ਔਖੇ ਤੋਂ ਔਖੇ ਸਮੇਂ ‘ਚ ਬੁਲੰਦ ਹੌਂਸਲੇ ਨਾਲ ਖੜ੍ਹੇ ਰਹਿਣਾ।

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੰਜਾਬ ਅਤੇ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਪੁਨਰਵਾਸ ਅਤੇ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ‘ਚ ਹਿੱਸਾ ਪਾਉਣਾ ਚਾਹੁੰਦੇ ਹਨ, ਉਹ ਪੰਜਾਬ ਨਾਲ ਖੜ੍ਹਨ ਅਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ‘ਚ ਮਦਦ ਕਰਨ।

ਉਨ੍ਹਾਂ ਕਿਹਾ ਕਿ ਮੈਂ ਵਚਨ ਦਿੰਦਾ ਕਿ ਤੁਹਾਡੇ ਵਲੋਂ ਤੁਹਾਡਾ ਦਿੱਤਾ ਹੋਇਆ ਇਕ-ਇਕ ਰੁਪਿਆ ਅਸੀਂ ਪੂਰੀ ਪਾਰਦਰਸ਼ਤਾ ਅਤੇ ਈਮਾਨਦਾਰੀ ਨਾਲ ਇਸਤੇਮਾਲ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਜਾਣਕਾਰੀ ਲਈ http://rangla.punjab.gov.in ‘ਤੇ ਜਾ ਕੇ ਪਤਾ ਕਰ ਸਕਦੇ ਹੋ। ਮੁੱਖ ਮੰਤਰੀ ਨੇ ਖੁੱਲ੍ਹਦਿਲੀ ਨਾਲ ਲੋਕਾਂ ਨੂੰ ਇਸ ਮਿਸ਼ਨ ‘ਚ ਹਿੱਸਾ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ‘ਚ ਰਹਿੰਦਾ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਬਹੁਤ ਹੀ ਭਿਆਨਕ ਅਤੇ ਬੁਰੇ ਦੌਰ ‘ਚੋਂ ਲੰਘਿਆ ਹੈ। ਆਉਣ ਵਾਲੀਆਂ ਕਈ ਪੀੜ੍ਹੀਆਂ ਇਸ ਦੌਰ ਨੂੰ ਭੁੱਲ ਨਹੀਂ ਸਕਣਗੀਆਂ। ਉਨ੍ਹਾਂ ਕਿਹਾ ਕਿ ਇਕ ਭਿਆਨਕ ਹੜ੍ਹ, ਜਿਹਦੇ ‘ਚ ਪਾਣੀ ਨੇ ਸਿਰਫ ਕਹਿਰ ਨਹੀਂ ਢਾਹਿਆ, ਸਗੋਂ ਲੱਖਾਂ ਸੁਫ਼ਨੇ ਵੀ ਪਾਣੀ ਨਾਲ ਹੀ ਵਹਾਅ ਕੇ ਲੈ ਗਿਆ।

ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਆਏ ਹੜ੍ਹਾਂ ਦੌਰਾਨ 2300 ਦੇ ਕਰੀਬ ਪਿੰਡ ਡੁੱਬ ਗਏ, 7 ਲੱਖ ਲੋਕ ਬੇਘਰ ਹੋ ਗਏ ਅਤੇ 20 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋ ਗਏ ਹਨ। ਇਸ ਦੇ ਨਾਲ ਹੀ 3200 ਸਕੂਲ ਖੰਡਰ ਬਣ ਗਏ, 56 ਜਾਨਾਂ ਚਲੀਆਂ ਗਈਆਂ, 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ। ਇਸੇ ਤਰ੍ਹਾਂ 2500 ਪੁਲ ਟੁੱਟ ਗਏ ਅਤੇ 1400 ਕਲੀਨਿਕ ਅਤੇ ਹੋਰ ਸਰਕਾਰੀ ਇਮਾਰਤਾਂ ਖੰਡਰ ਬਣ ਗਈਆਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੁੱਢਲੇ ਅਨੁਮਾਨਾਂ ਦੇ ਮੁਤਾਬਕ 13 ਹਜ਼ਾਰ ਕਰੋੜ ਦੇ ਕਰੀਬ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਘਟੇਗਾ ਅਤੇ ਜ਼ਮੀਨੀ ਪੱਧਰ ‘ਤੇ ਸਰਵੇ ਕਰਾਂਗੇ ਤਾਂ ਨੁਕਸਾਨ ਇਸ ਤੋਂ ਵੱਧ ਵੀ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਹੈ। ਪੰਜਾਬ ਸੰਕਟ ਦੇ ਸਾਹਮਣੇ ਹਿੱਕ ਤਾਣ ਕੇ ਖੜ੍ਹਦਾ ਹੈ ਅਤੇ ਸੰਕਟ ‘ਚੋਂ ਬਾਹਰ ਆ ਜਾਂਦਾ ਹੈ ਅਤੇ ਸੰਕਟ ਪੰਜਾਬ ਸਾਹਮਣੇ ਛੋਟੇ ਪੈ ਜਾਂਦੇ ਹਨ। ਹੜ੍ਹਾਂ ਦੌਰਾਨ ਸੂਬੇ ਦੇ ਨੌਜਵਾਨ ਆਪਣੀਆਂ ਜਾਨਾਂ ਨੂੰ ਖ਼ਤਰ ‘ਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਸਨ। ਗੁਰਦੁਆਰਾ ਸਾਹਿਬਾਨਾਂ, ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਲੋਕਾਂ ਲਈ ਖੁੱਲ੍ਹ ਰਹੇ ਸੀ।

ਉਨ੍ਹਾਂ ਕਿਹਾ ਕਿ ਪੰਜਾਬੀ ਇਕ ਪਰਿਵਾਰ ਬਣ ਕੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਹੋ ਗਏ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵੱਧਣ ਦਾ ਸਮਾਂ ਆ ਗਿਆ ਹੈ। ਕਿਸਾਨਾਂ ਨੇ ਫਿਰ ਖੇਤੀ ਕਰਨੀ ਹੈ ਅਤੇ ਬੱਚਿਆਂ ਨੇ ਫਿਰ ਸਕੂਲ ਜਾਣਾ ਹੈ, ਪਰਿਵਾਰਾਂ ਨੇ ਚੁੱਲ੍ਹੇ ਜਲਾਉਣੇ ਹਨ। ਇਸ ਲਈ ਇਨ੍ਹਾਂ ਲੋਕਾਂ ਨੂੰ ਦੁਬਾਰਾ ਖੜ੍ਹਾ ਕਰਨਾ ਬੇਹੱਦ ਜ਼ਰੂਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪ੍ਰਤਾਪ ਬਾਜਵਾ ਨੇ PM ਮੋਦੀ ਨੂੰ ਲਿਖੀ ਚਿੱਠੀ, ਪੜ੍ਹੋ ਕੀ ਕੀਤੀ ਮੰਗ

ਸਰਹੱਦ ਪਾਰੋਂ ਚੱਲ ਰਹੇ ਅੱਤਵਾਦੀ ਨੈੱਟਵਰਕ ਦਾ ਪਰਦਾਫ਼ਾਸ਼, ਕਰੋੜਾਂ ਦੀ ਹੈਰੋਇਨ ਬਰਾਮਦ