ਚੰਡੀਗੜ੍ਹ, 11 ਮਈ 2025 – ਪੰਜਾਬ-ਹਰਿਆਣਾ ਵਿਚਾਲੇ ਚੱਲ ਰਿਹਾ ਪਾਣੀ ਦਾ ਵਿਵਾਦ ਭੱਖਦਾ ਜਾ ਰਿਹਾ ਹੈ। ਅੱਜ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਵਿਖੇ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਬੀ. ਬੀ. ਐੱਮ. ਬੀ. ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪੰਜਾਬ ਦੇ ਪਾਣੀ ‘ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ, ਜੋਕਿ ਪੰਜਾਬ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ਼ਾਰੇ ‘ਤੇ ਬੀ. ਬੀ. ਐੱਮ. ਬੀ. ਗਲਤ ਕਾਰਵਾਈ ਕਰ ਰਹੀ ਹੈ।
ਬੀ. ਬੀ. ਐੱਮ. ਬੀ. ਦੇ ਅਧਿਕਾਰੀ ਇਕ ਵਾਰ ਫਿਰ ਪੰਜਾਬ ਦੇ ਪਾਣੀ ‘ਤੇ ਡਾਕਾ ਮਾਰ ਰਹੇ ਹਨ। ਕਿਸਾਨ ਆਗੂਆਂ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਿਸਾਨਾਂ ਦਾ ਪਾਣੀ ਬਚਾਉਣ ਲਈ ਲੱਗੇ ਹੋਏ ਹਾਂ ਪਰ ਕਿਸੇ ਵੀ ਕਿਸਾਨ ਆਗੂ ਵੱਲੋਂ ਇਸ ਮੁੱਦੇ ‘ਤੇ ਇਕ ਬਿਆਨ ਤੱਕ ਨਹੀਂ ਦਿੱਤਾ ਗਿਆ। ਇਸ ਨਾਲ ਕਿਸਾਨ ਲੀਡਰਾਂ ਦੀ ਸੋਚ ਸਾਹਮਣੇ ਆਈ ਹੈ। ਕੀ ਕਿਸਾਨ ਲੀਡਰ ਇਕੱਲੇ ਹਾਈਵੇਅ ਰੋਕਣ ਲਈ ਹੈ। ਦੱਸਣਯੋਗ ਹੈ ਕਿ ਨੰਗਲ ਡੈਮ ‘ਤੇ ਬੀ. ਬੀ. ਐੱਮ. ਬੀ. ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਫਿਰ ਤੋਂ ਧਰਨਾ ਲਾਇਆ ਗਿਆ ਹੈ, ਜਿੱਥੇ ਮੰਤਰੀ ਹਰਜੋਤ ਸਿੰਘ ਵੀ ਪਹੁੰਚੇ ਹਨ।
ਜ਼ਿਕਰਯੋਗ ਹੈ ਕਿ ਪਾਣੀ ਦੇ ਮੁੱਦੇ ‘ਤੇ ਹੀ ਪੰਜਾਬ ਵਿਧਾਨ ਸਭਾ ਨੇ 5 ਮਈ ਨੂੰ ਇਕ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। ਇਸ ਸੈਸ਼ਨ ‘ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਪੱਸ਼ਟ ਕੀਤਾ ਗਿਆ ਸੀ ਕਿ ਹਰਿਆਣਾ ਨੂੰ ਕੋਈ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ। ਇਹ ਵੀ ਕਿਹਾ ਗਿਆ ਸੀ ਕਿ ਬੀ. ਬੀ. ਐੱਮ. ਬੀ. ਨੂੰ ਅਜਿਹੇ ਫ਼ੈਸਲੇ ਪੰਜਾਬ ਸਰਕਾਰ ‘ਤੇ ਨਹੀਂ ਥੋਪਣੇ ਚਾਹੀਦੇ।

