ਮਾਨਸਾ, 30 ਮਈ 2022 – ਸਿੱਧੂ ਮੂਸੇਵਾਲਾ ਦੇ ਮਾਨਸਾ ਨੇੜੇ ਪਿੰਡ ਜਵਾਹਰਕੇ ਨਜ਼ਦੀਕ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ਕੀਤੇ ਕਤਲ ਤੋਂ ਬਾਅਦ ਪੰਜਾਬ ‘ਚ ਮਾਹੌਲ ਬਹੁਤ ਹੀ ਗ਼ਮਗੀਨ ਬਣਿਆ ਹੋਇਆ ਹੈ। ਉਥੇ ਹੀ ਲੋਕ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਕਰ ਰਹੇ ਹਨ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਉਥੇ ਹੀ ਮੁੱਖ ਮੰਤਰੀ ਮਾਨ ਨੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਵੀ ਕੀਤੀ ਹੈ। ਇਸ ਤੋਂ ਬਿਨਾ ਮੁੱਖ ਮੰਤਰੀ ਦਫ਼ਤਰ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਧੂ ਮੂਸੇ ਵਾਲਾ ਕਤਲ ਕੇਸ ‘ਤੇ ਮਿੰਟ-ਮਿੰਟ ਅਪਡੇਟ ਲੈ ਰਹੇ ਹਨ। ਉਹ ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਮਾਨਸਾ ਦੇ ਕਈ ਸੀਨੀਅਰ ਪੁਲਿਸ ਅਧਿਕਾਰੀ ਵੀ ਇਸ ਬੈਠਕ ਵਿਚ ਸ਼ਾਮਿਲ ਹੋਣਗੇ। ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਯਕੀਨੀ ਬਣਾਇਆ ਜਾਵੇਗਾ।
ਜਦੋਂ ਤੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਅਮਨ-ਕਾਨੂੰਨ ਦੀ ਸਥਿਤੀ ਵਿਗੜ ਗਈ ਹੈ। ਕਈ ਵੱਡੀਆਂ ਵਾਰਦਾਤਾਂ ਹੋਈਆਂ ਹਨ, ਕਬੱਡੀ ਖਿਡਾਰੀ ਦਾ ਕਤਲ ਹੋਇਆ, ਪਟਿਆਲਾ ਹਿੰਸਾ, ਮੋਹਾਲੀ ‘ਚ ਪੁਲਿਸ ਹੈਡ ਕੁਆਰਟਰ ‘ਤੇ ਹਮਲਾ ਆਦਿ। ਇਹ ਸਾਰੀਆਂ ਘਟਨਾਵਾਂ ਪੁਲਿਸ ਦੀ ਨਾਕਾਮੀ ਅਤੇ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।