- CM ਸਮੇਤ ਮੰਤਰੀ ਵੀ ਪਰਤਣਗੇ
ਚੰਡੀਗੜ੍ਹ, 5 ਦਸੰਬਰ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਜ਼ਿਆਦਾਤਰ ਮੰਤਰੀ ਲਗਭਗ ਇੱਕ ਮਹੀਨੇ ਤੋਂ ਗੁਜਰਾਤ ਅਤੇ ਦਿੱਲੀ ਨਿਗਮ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਸਨ। ਗੁਜਰਾਤ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਸੀਐਮ ਭਗਵੰਤ ਮਾਨ ਚੰਡੀਗੜ੍ਹ ਪਰਤ ਆਏ ਹਨ। ਇਸ ਦੇ ਨਾਲ ਹੀ ਦਿੱਲੀ ਨਿਗਮ ਚੋਣਾਂ ਵਿੱਚ ਤਾਕਤ ਵਿਖਾ ਰਹੇ ਸੂਬੇ ਦੇ ਹੋਰ ਮੰਤਰੀ ਵੀ ਪੰਜਾਬ ਪਰਤਣਗੇ।
ਪੰਜਾਬ ਨਾਲ ਸਬੰਧਤ ਕਈ ਮੁੱਦੇ ਇਸ ਵੇਲੇ ਲਟਕ ਰਹੇ ਹਨ ਅਤੇ ਕਿਸਾਨ ਜਥੇਬੰਦੀਆਂ ਵੀ ਮੁੱਖ ਮੰਤਰੀ ਦੀ ਵਾਪਸੀ ਦੀ ਉਡੀਕ ਕਰ ਰਹੀਆਂ ਹਨ। ਕਿਉਂਕਿ ਕਈ ਅਜਿਹੇ ਫੈਸਲੇ ਹਨ, ਜਿਨ੍ਹਾਂ ਦੀ ਮਨਜ਼ੂਰੀ ਸੀ.ਐੱਮ.ਮਾਨ ਨੇ ਲੈਣੀ ਹੁੰਦੀ ਹੈ।
ਚੰਡੀਗੜ੍ਹ ਪਰਤਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਕੈਬਨਿਟ ਮੀਟਿੰਗ ਕਰ ਸਕਦੇ ਹਨ। ਕਿਉਂਕਿ ਇਸ ਤੋਂ ਪਹਿਲਾਂ ਉਹ ਸਾਰੇ ਅਹਿਮ ਐਲਾਨ ਅਤੇ ਫੈਸਲੇ ਕੈਬਨਿਟ ਮੀਟਿੰਗ ਤੋਂ ਬਾਅਦ ਹੀ ਕਰਦੇ ਰਹੇ ਹਨ। ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਕਈ ਕੰਮਾਂ ਵਿੱਚ ਵੀ ਕਰੀਬ ਇੱਕ ਮਹੀਨੇ ਬਾਅਦ ਤੇਜ਼ੀ ਦੇਖਣ ਨੂੰ ਮਿਲੇਗੀ। ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੀ ਭਰਤੀ ਪ੍ਰਕਿਰਿਆ ਹੋਵੇ ਜਾਂ ਖਾਲੀ ਅਸਾਮੀਆਂ ਲਈ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇ, ਇਨ੍ਹਾਂ ‘ਤੇ ਸੀ.ਐਮ ਮਾਨ ਦੇ ਵਾਪਸ ਆਉਂਦੇ ਹੀ ਮੋਹਰ ਲੱਗ ਜਾਵੇਗੀ।
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਵੀ ਬੁਲਾਇਆ ਜਾਣਾ ਹੈ। ਇਸ ਵਿੱਚ ਏਜੰਡਾ ਕੀ ਹੋਵੇਗਾ ?, ਕਿਹੜੇ-ਕਿਹੜੇ ਮਾਮਲਿਆਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ, ਇਨ੍ਹਾਂ ਬਾਰੇ ਫੈਸਲਾ ਪੰਜਾਬ ਸਰਕਾਰ ਨੇ ਲੈਣਾ ਹੈ। ਸਰਕਾਰ 15 ਦਸੰਬਰ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਬੁਲਾ ਸਕਦੀ ਹੈ। ਵਿਰੋਧੀ ਧਿਰ ਵੀ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਨਾਲ ਸਬੰਧਤ ਕਈ ਅਹਿਮ ਮੁੱਦਿਆਂ ’ਤੇ ਚਰਚਾ ਦੀ ਉਡੀਕ ਕਰ ਰਹੀ ਹੈ। ਇਨ੍ਹਾਂ ਵਿਚ ਚੰਡੀਗੜ੍ਹ ‘ਤੇ ਪੰਜਾਬ ਦੇ ਅਧਿਕਾਰਾਂ ਦਾ ਮਾਮਲਾ ਮੁੱਖ ਹੋ ਸਕਦਾ ਹੈ।
ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰ ਰਹੀ ਹੈ। ਉਂਜ, ਸੂਬੇ ਵਿੱਚ ਹੋ ਰਹੀਆਂ ਅਪਰਾਧਿਕ ਗਤੀਵਿਧੀਆਂ ਅਤੇ ਭ੍ਰਿਸ਼ਟਾਚਾਰ ਅਜੇ ਵੀ ਸਰਕਾਰ ਲਈ ਚੁਣੌਤੀ ਬਣਿਆ ਹੋਇਆ ਹੈ। ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ਵਿਦੇਸ਼ ਬੈਠੇ ਕਈ ਗੈਂਗਸਟਰ ਵੀ ਪੰਜਾਬ ਪੁਲਿਸ ਦੀ ਪਕੜ ਤੋਂ ਬਾਹਰ ਹਨ।