ਮੁੱਖ ਮੰਤਰੀ ਮੱਕੀ ਦੀ ਸਰਕਾਰੀ ਏਜੰਸੀਆਂ ਵੱਲੋਂ MSP ’ਤੇ ਖਰੀਦ ਦਾ ਆਪਣਾ ਵਾਅਦਾ ਪੁਗਾਉਣ: ਸੁਖਬੀਰ ਬਾਦਲ

  • ਕਿਹਾ ਕਿ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ ਤੇ ਪ੍ਰਾਈਵੇਟ ਵਪਾਰੀਆਂ ਨੂੰ ਘੱਟ ਭਾਅ ’ਤੇ ਜਿਣਸ ਵੇਚਣ ਲਈ ਮਜਬੂਰ ਹਨ
  • ਸਬਜ਼ੀਆਂ ਲਈ ਵੀ ਐਮ ਐਸ ਪੀ ਮੰਗੀ

ਚੰਡੀਗੜ੍ਹ, 16 ਜੂਨ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਅਨੁਸਾਰ ਪੰਜਾਬ ਦੀਆਂ ਸਰਕਾਰੀ ਏਜੰਸੀਆਂ ਮੱਕੀ ’ਤੇ ਘੱਟੋ ਘੱਟ ਸਮਰਥਨ ਮੁੱਲ (ਐਮ ਐਸ ਪੀ) 2090 ਰੁਪਏ ਪ੍ਰਤੀ ਕੁਇੰਟਲ ਦੀ ਦਰ’ਤੇ ਖਰੀਦ ਕਰਨ ਤਾਂ ਜੋ ਕਿਸਾਨਾਂ ਨੂੰ ਘੱਟ ਰੇਟ ’ਤੇ ਜਿਣਸ ਵੇਚਣ ਤੋਂ ਬਚਾਇਆ ਜਾ ਸਕੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੇ ਮੁੱਖ ਮੰਤਰੀ ਦੇ ਐਲਾਨ ’ਤੇ ਭਰੋਸਾ ਕੀਤਾ ਕਿ ਮੱਕੀ ਦੀ ਐਮ ਐਸ ਪੀ ’ਤੇ ਖਰੀਦ ਕੀਤੀ ਜਾਵੇਗੀ ਪਰ ਹੁਣ ਇਹੀ ਕਿਸਾਨ ਮੁਸ਼ਕਿਲ ਵਿਚ ਫਸ ਗਏ ਹਨ ਕਿਉਂਕਿ ਜਿਣਸ ਖਰੀਦਣ ਵਾਲਾ ਕੋਈ ਨਹੀਂ ਹੈ ਜਿਸ ਕਾਰਨ ਕਿਸਾਨ ਪ੍ਰਾਈਵੇਟ ਵਪਾਰੀਆਂ ਨੂੰ 500 ਤੋਂ 600 ਰੁਪਏ ਪ੍ਰਤੀ ਕੁਇੰਟਲ ਦੀ ਦਰ ’ਤੇ ਮੱਕੀ ਵੇਚਣ ਲਈ ਮਜਬੂਰ ਹਨ।

ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਮੱਕੀ ਦੀ ਸਮੁੱਚੀ ਫਸਲ ਤੁਰੰਤ ਐਮ ਐਸ ਪੀ ’ਤੇ ਖਰੀਦੀ ਜਾਵੇ ਅਤੇ ਕਿਹਾ ਕਿ ਅਜਿਹਾ ਕਰਨ ਵਿਚ ਸਰਕਾਰ ਦੇ ਅਸਫਲ ਰਹਿਣ ਕਾਰਨ ਪੰਜਾਬ ਸਰਕਾਰ ਦੇ ਫਸਲੀ ਵਿਭਿੰਨਤਾ ਦੇ ਯਤਨਾਂ ਨੂੰ ਡੂੰਘੀ ਸੱਟ ਵੱਜੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਬਹੁਤ ਚਾਵਾਂ ਨਾਲ ਐਲਾਨ ਕੀਤਾ ਸੀ ਕਿ ਮੱਕੀ, ਸੂਰਜਮੁਖੀ ਅਤੇ ਦਾਲਾਂ ਦੀ ਖਰੀਦ ਐਮ ਐਸ ਪੀ ’ਤੇ ਕੀਤੀ ਜਾਵੇਗੀ ਜਿਸ ਮਗਰੋਂ ਕਿਸਾਨਾਂ ਨੇ ਇਹਨਾਂ ਫਸਲਾਂ ਅਧੀਨ ਰਕਬਾ ਵਧਾ ਦਿੱਤਾ। ਉਹਨਾਂ ਕਿਹਾ ਕਿ ਹੁਣ ਜਦੋਂ ਜਿਣਸ ਖਰੀਦਣ ਦਾ ਵੇਲਾ ਆਇਆ ਹੈ ਤਾਂ ਆਪ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ।

ਬਾਦਲ ਨੇ ਮੰਗ ਕੀਤੀ ਕਿ ਮੱਕੀ ਦੀ ਐਮ ਐਸ ਪੀ ’ਤੇ ਖਰੀਦ ਕਰਨ ਤੋਂ ਇਲਾਵਾ ਸਰਕਾਰ ਜਿਹੜੇ ਕਿਸਾਨਾਂ ਨੇ ਜਿਣਸ ਘੱਟ ਰੇਟ ’ਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚੀ ਹੈ, ਉਹਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਸਰਕਾਰ ਨੂੰ ਮੁਆਵਜ਼ਾ ਤੁਰੰਤ ਜਾਰੀ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੀ ਮੱਕੀ ਦੀ ਫਸਲ ਮੰਡੀਆਂ ਵਿਚ ਲਿਆਉਣ ਵਿਚ ਵੀ ਮਦਦ ਕਰੇ।

ਉਹਨਾਂ ਕਿਹਾ ਕਿ ਮੰਡੀਆਂ ਵਿਚ ਫਸਲ ਸੁਕਾਉਣ ਲਈ ਲੋੜੀਂਦੇ ਡ੍ਰਾਇਰ ਪ੍ਰਦਾਨ ਕੀਤੇ ਜਾਣ ਅਤੇ ਸਾਫ ਸਫਾਈ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਅਜਿਹੇ ਖੋਖਲੇ ਵਾਅਦੇ ਨਾ ਕਰਿਆ ਕਰਨ ਜਿਹਨਾਂ ਨੂੰ ਪੂਰਾ ਕਰਨ ਦਾ ਉਹਨਾਂ ਦਾ ਇਰਾਦਾ ਹੀ ਨਹੀਂ ਹੁੰਦਾ। ਉਹਨਾਂ ਕਿਹਾ ਕਿ ਪਿਛਲੇ ਸਾਲ ਜਿਹੜੇ ਕਿਸਾਨਾਂ ਨੇ ਮੁੱਖ ਮੰਤਰੀ ਦੀ ਗੱਲ ’ਤੇ ਯਕੀਨ ਕੀਤਾ ਸੀ ਕਿ ਰਾਜ ਸਰਕਾਰ ਮੂੰਗੀ ਦੀ ਫਸਲ ਐਮ ਐਸ ਪੀ ’ਤੇ ਖਰੀਦੇਗੀ, ਉਹਨਾਂ ਨੂੰ ਵੱਡੇ ਘਾਟੇ ਝੱਲਣੇ ਪਏ ਹਨ।

ਉਹਨਾਂ ਕਿਹਾ ਕਿ ਕਿਸਾਨਾਂ ਨੇ ਮੂੰਗੀ ਦੀ ਬਿਜਾਈ ਹੇਠ ਰਕਬਾ 55 ਫੀਸਦੀ ਵਧਾ ਦਿੱਤਾ ਪਰ ਜਦੋਂ ਫਸਲ ਮੰਡੀ ਵਿਚ ਆਈ ਤਾਂ ਕੋਈ ਖਰੀਦਦਾਰ ਨਾ ਬਹੁੜਿਆ ਅਤੇ ਕਈ ਕਿਸਾਨ ਤਾਂ ਆਪਣੀ ਲਾਗਤ ਵੀ ਨਹੀਂ ਵਸੂਲ ਸਕੇ।

ਬਾਦਲ ਨੇ ਸਰਕਾਰ ਨੂੰ ਆਖਿਆ ਕਿ ਉਹ ਤੁਰੰਤ ਦਰੁੱਸਤੀ ਭਰੇ ਕਦਮ ਚੁੱਕੇ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਲਈ ਉਹਨਾਂ ਤੋਂ ਮੁਆਫੀ ਮੰਗਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਨਾ ਸਿਰਫ ਕਿਸਾਨਾਂ ਨਾਲ ਧੋਖਾ ਕੀਤਾ ਬਲਕਿ ਆਪਣੀ ’ਪਹਿਲਕਦਮੀ’ ਦਾ ਬਹੁ ਕਰੋੜੀ ਇਸ਼ਤਿਹਾਰਾਂ ਨਾਲ ਪ੍ਰਚਾਰ ਕਰ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਹੈ।

ਸੁਖਬੀਰ ਸਿੰਘ ਬਾਦਲ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਸਬਜ਼ੀਆਂ ਲਈ ਵੀ ਐਮ ਐਸ ਪੀ ਸ਼ੁਰੂ ਕੀਤੀ ਜਾਵੇ ਅਤੇ ਜ਼ੋਰ ਦੇ ਕੇ ਕਿਹਾ ਕਿ ਵਿਚੋਲੇ ਕਿਸਾਨਾਂ ਨੂੰ ਲੁੱਟ ਲੈਂਦੇ ਹਨ ਤੇ ਉਹ ਸਸਤੇ ਭਾਅ ਆਪਣੀ ਜਿਣਸ ਵੇਚਣ ਲਈ ਮਜਬੂਰ ਹੁੰਦੇ ਹਨ। ਉਹਨਾਂ ਦੱਸਿਆ ਕਿ ਕਿਵੇਂ ਹਾਲ ਹੀ ਵਿਚ ਕਿਸਾਨਾਂ ਨੂੰ ਢੂਕਵਾਂ ਭਾਅ ਨਾ ਮਿਲਣ ’ਤੇ ਆਪਣੀ ਸ਼ਿਮਲਾ ਮਿਰਚ ਦੀ ਫਸ ਸੜਕਾਂ ’ਤੇ ਸੁੱਟਣੀ ਪਈ ਸੀ। ਉਹਨਾਂ ਕਿਹਾ ਕਿ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬੀਮੇ ਦੀ ਸਹੂਲਤ ਵੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਵਾਰ ਵਾਰ ਬੇਮੌਸਮੀ ਬਰਸਾਤਾਂ ਨੇ ਵੀ ਸਬਜ਼ੀ ਕਾਸ਼ਤਕਾਰਾਂ ਦਾ ਨੁਕਸਾਨ ਕੀਤਾ ਹੈ ਪਰ ਆਪ ਸਰਕਾਰ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ 2950 ਪਿੰਡਾਂ ‘ਚ ਗੰਦੇ ਪਾਣੀ ਦੇ ਪ੍ਰਬੰਧਨ ਲਈ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 140.25 ਕਰੋੜ ਰੁਪਏ ਜਾਰੀ: ਜਿੰਪਾ

ਫਰੀਦਕੋਟ ਦੇ MLA ਦੀ ਪਾਇਲਟ ਗੱਡੀ ਦੀ ਮੋਟਰਸਾਇਕਲ ਨਾਲ ਹੋਈ ਟੱਕਰ, 2 ਦੀ ਮੌਤ