- ਅੱਜ ਝਾਰਖੰਡ ਤੋਂ ਰੋਪੜ ਥਰਮਲ ਪਲਾਂਟ ‘ਚ ਰੇਲਗੱਡੀ ਰਾਹੀਂ ਪਹੁੰਚੇਗਾ ਕੋਲਾ,
- ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਸਵਾਗਤ
- ਬਿਜਲੀ ਦਾ ਸੰਕਟ ਦੂਰ ਹੋਵੇਗਾ, ਕੁਝ ਦਿਨ ਪਹਿਲਾਂ ਸ਼ੁਰੂ ਹੋਈ ਖਾਣ
ਰੋਪੜ, 16 ਦਸੰਬਰ, 2022: ਝਾਰਖੰਡ ਦੇ ਪਛਵਾੜਾ ਸਥਿਤ ਕੋਲਾ ਖਾਣ ਤੋਂ ਕੋਲਾ ਲੈ ਕੇ ਮਾਲ ਗੱਡੀ ਅੱਜ ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਪਹੁੰਚੇਗੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਵਾਗਤ ਕਰਨ ਵਾਸਤੇ ਉਚੇਚੇ ਤੌਰ ’ਤੇ ਪਹੁੰਚਣਗੇ।
ਝਾਰਖੰਡ ਦੇ ਪਛਵਾੜਾ ਤੋਂ ਕੋਲੇ ਨਾਲ ਲੱਦੀ ਰੇਲਗੱਡੀ ਅੱਜ ਪੰਜਾਬ ਦੇ ਰੋਪੜ ਥਰਮਲ ਪਲਾਂਟ ਪਹੁੰਚੇਗੀ। ਸਥਾਨਕ ਪੁਲਿਸ-ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਪੰਜਾਬ ਵਿੱਚ ਬਿਜਲੀ ਸੰਕਟ ਨੂੰ ਦੂਰ ਕਰਨ ਲਈ ਮਾਨ ਸਰਕਾਰ ਨੇ ਝਾਰਖੰਡ ਦੇ ਪਚਵਾੜਾ ਵਿੱਚ ਬੰਦ ਪਈ ਕੋਲੇ ਦੀ ਖਾਣ ਨੂੰ ਸ਼ੁਰੂ ਕਰਨ ਦੀ ਗੱਲ ਕਹੀ ਸੀ ਤਾਂ ਜੋ ਕੋਲੇ ਦੀ ਸਪਲਾਈ ਵਧਾ ਕੇ ਪੰਜਾਬ ਵਿੱਚ ਬਿਜਲੀ ਸੰਕਟ ਨੂੰ ਦੂਰ ਕੀਤਾ ਜਾ ਸਕੇ।
ਸਾਲ 2014 ਵਿੱਚ ਸੁਪਰੀਮ ਕੋਰਟ ਨੇ 213 ਕੋਲਾ ਖਾਣਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ। ਇਸ ਵਿੱਚ 2001 ਵਿੱਚ ਪੰਜਾਬ ਨੂੰ ਅਲਾਟ ਕੀਤੀ ਗਈ ਪਛਵਾੜਾ ਖਾਣ ਵੀ ਸ਼ਾਮਲ ਹੈ। 2015 ਵਿੱਚ, ਇਹ ਖਾਨ ਪੀਐਸਪੀਸੀਐਲ ਨੂੰ ਅਲਾਟ ਕੀਤੀ ਗਈ ਸੀ। ਇਸ ਦਾ ਟੈਂਡਰ ਜਾਰੀ ਕੀਤਾ ਗਿਆ ਸੀ ਪਰ ਕਾਨੂੰਨੀ ਕਾਰਨਾਂ ਕਰਕੇ ਅਸਫਲ ਰਿਹਾ।
2018 ਵਿੱਚ, PSPCL ਨੇ ਇਸਨੂੰ ਚਲਾਉਣ ਲਈ DBL ਕੰਪਨੀ ਦੀ ਚੋਣ ਕੀਤੀ। 2019 ਵਿੱਚ ਹਾਈ ਕੋਰਟ ਨੇ ਪੁਰਾਣੀ ਕੰਪਨੀ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ। ਇਸ ਕਾਰਨ ਪੰਜਾਬ ਸੁਪਰੀਮ ਕੋਰਟ ਗਿਆ। 2021 ਵਿੱਚ, ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਦੇਸ਼ ਨੂੰ ਰੱਦ ਕਰਦੇ ਹੋਏ, PSPCL ਦੁਆਰਾ ਅਪਣਾਏ ਗਏ ਢੰਗ ਨੂੰ ਜਾਇਜ਼ ਠਹਿਰਾਇਆ।
ਸੀ.ਐਮ ਮਾਨ ਨੇ ਪੰਜਾਬ ਵਿੱਚ ਬਿਜਲੀ ਦੇ ਪ੍ਰਬੰਧ ਮੁਕੰਮਲ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਸੀ ਕਿ ਝਾਰਖੰਡ ਵਿੱਚ ਪੰਜਾਬ ਦੀ ਆਪਣੀ ਕੋਲੇ ਦੀ ਖਾਣ ਹੈ ਪਰ ਇਹ 2015 ਤੋਂ ਬੰਦ ਪਈ ਹੈ। ਇਸ ਕਾਰਨ ਪੰਜਾਬ ਨੂੰ ਇਧਰੋਂ-ਉਧਰੋਂ ਕੋਲਾ ਲੈਣਾ ਪਿਆ। ਇਸ ਮਾਮਲੇ ਵਿੱਚ ਪੈਸੇ ਦੀ ਸੈਟਿੰਗ ਦਾ ਦੋਸ਼ ਲਾਉਂਦਿਆਂ ਮਾਨ ਨੇ ਕਿਹਾ ਸੀ ਕਿ ਹੁਣ ਮਾਈਨਿੰਗ ਸ਼ੁਰੂ ਕਰ ਦਿੱਤੀ ਗਈ ਹੈ।