ਚੰਡੀਗੜ੍ਹ, 13 ਜਨਵਰੀ 2023 – ਉੱਤਰੀ ਭਾਰਤ ਵਿੱਚ ਠੰਢ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਇਸ ਵਾਰ ਕੜਾਕੇ ਦੀ ਠੰਢ ਅਤੇ ਸੀਤ ਲਹਿਰ ਦਾ ਦੌਰ 19 ਜਨਵਰੀ ਤੱਕ ਰਹਿਣ ਦੀ ਸੰਭਾਵਨਾ ਹੈ। ਲਾਈਵ ਵੇਦਰ ਆਫ ਇੰਡੀਆ ਦੇ ਸੰਸਥਾਪਕ ਨਵਦੀਪ ਦਹੀਆ ਨੇ ਭਵਿੱਖਬਾਣੀ ਕੀਤੀ ਹੈ ਕਿ 16 ਤੋਂ 18 ਜਨਵਰੀ ਦੇ ਦੌਰਾਨ ਤਿੰਨ ਦਿਨਾਂ ‘ਚ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਿਮਾਚਲ, ਉਤਰਾਖੰਡ, ਪੰਜਾਬ, ਹਰਿਆਣਾ ਵਿੱਚ ਸੀਤ ਲਹਿਰ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਧੁੰਦ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ‘ਚ ਬਰਫਬਾਰੀ ਹੋਈ। ਸ਼ਨੀਵਾਰ ਤੋਂ ਠੰਡ ਅਤੇ ਸੀਤ ਲਹਿਰ ਹੋਰ ਜ਼ਿਆਦਾ ਪ੍ਰੇਸ਼ਾਨ ਕਰ ਸਕਦੀ ਹੈ। ਕਈ ਥਾਵਾਂ ‘ਤੇ ਤਾਪਮਾਨ ਜ਼ੀਰੋ ਤੋਂ ਹੇਠਾਂ ਜਾ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਸਥਿਤ ਅਟਲ ਸੁਰੰਗ ਦੇ ਦੱਖਣੀ ਪੋਰਟਲ ਅਤੇ ਉੱਤਰੀ ਪੋਰਟਲ ਵਿੱਚ ਡੇਢ ਫੁੱਟ ਬਰਫ਼ ਰਿਕਾਰਡ ਕੀਤੀ ਗਈ। ਮਨਾਲੀ ‘ਚ ਦੋ ਇੰਚ ਬਰਫਬਾਰੀ ਹੋਈ, ਜਦਕਿ ਸੋਲੰਗਨਾਲਾ ਅਤੇ ਅੰਜਨੀ ਮਹਾਦੇਵ ‘ਚ ਬਰਫਬਾਰੀ ਹੋਈ।
ਜੰਮੂ-ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਗੁਲਮਰਗ, ਸੋਨਮਰਗ ਅਤੇ ਹੋਰ ਇਲਾਕਿਆਂ ‘ਚ ਬਰਫਬਾਰੀ ਜਾਰੀ ਹੈ। ਮਨਾਲੀ ‘ਚ ਬਰਫਬਾਰੀ ਕਾਰਨ ਸੈਲਾਨੀਆਂ ਨੂੰ ਸੂਰਜ ਚੜ੍ਹਨ ਤੋਂ ਬਾਅਦ ਹੀ ਸੋਲੰਗਨਾਲਾ ਭੇਜਿਆ ਜਾਵੇਗਾ। ਬਰਫਬਾਰੀ ਕਾਰਨ ਲਾਹੌਲ ਸਪਿਤੀ ਦੇ ਸਾਰੇ ਮਾਰਗਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਹਿਮਾਚਲ ‘ਚ ਬਰਫਬਾਰੀ ਕਾਰਨ 150 ਦੇ ਕਰੀਬ ਸੜਕਾਂ ਬੰਦ ਹਨ। ਬਰਫਬਾਰੀ ਕਾਰਨ ਕਸ਼ਮੀਰ ਦੇ ਕੁਪਵਾੜਾ-ਕਰਨਾਹ ਅਤੇ ਬਾਂਦੀਪੋਰਾ-ਗੁਰੇਜ਼ ਸੜਕਾਂ ਵਾਹਨਾਂ ਲਈ ਬੰਦ ਰਹੀਆਂ। ਪਹਾੜਾਂ ‘ਤੇ ਬਰਫ਼ ਖਿਸਕਣ ਦਾ ਖ਼ਤਰਾ ਸੀ। ਮੌਸਮ ਵਿਗਿਆਨੀਆਂ ਮੁਤਾਬਕ ਉਸ ਪੱਛਮੀ ਗੜਬੜ ਦਾ ਪ੍ਰਭਾਵ ਸ਼ੁੱਕਰਵਾਰ ਨੂੰ ਖਤਮ ਹੋ ਜਾਵੇਗਾ, ਜਿਸ ਕਾਰਨ ਹੁਣ ਤਾਪਮਾਨ ਵਧ ਰਿਹਾ ਹੈ। ਸ਼ਨੀਵਾਰ ਤੋਂ ਤਾਪਮਾਨ ਫਿਰ ਤੋਂ ਡਿੱਗਣਾ ਸ਼ੁਰੂ ਹੋ ਜਾਵੇਗਾ।

