ਅੰਮ੍ਰਿਤਸਰ, 17 ਜੂਨ 2023 – ਅੰਮ੍ਰਿਤਸਰ ‘ਚ ਕੁੱਤੇ ਨੂੰ ਬਚਾਉਂਦੇ ਸਮੇਂ ਦੋ ਕਾਰਾਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇੱਕ ਕਾਰ ਦਾ ਅਗਲਾ ਹਿੱਸਾ ਅਤੇ ਦੂਜੀ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਪਰ ਸ਼ੁਕਰ ਰਿਹਾ ਕੇ ਕਾਰ ਸਵਾਰ ਬਚ ਗਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਸ ਤੋਂ ਬਾਅਦ ਪੁਲਸ ਨੇ ਦੋਵੇਂ ਕਾਰਾਂ ਨੂੰ ਥਾਣੇ ਲਿਆ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਅੰਮ੍ਰਿਤਸਰ ਦੀ ਸੁਲਤਾਨਵਿੰਡ ਨਹਿਰ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਇੱਥੇ ਦੋ ਕਾਰਾਂ ਦੀ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਾਹਮਣੇ ਵਾਲੀ ਸਵਿਫਟ ਡਿਜ਼ਾਇਰ ਕਾਰ ਦੀ ਡਿੱਗੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ, ਜਦਕਿ ਪਿੱਛੇ ਆਈ 20 ਦਾ ਬੰਪਰ ਅਤੇ ਬੋਨਟ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੋਵਾਂ ਕਾਰਾਂ ਦੇ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਸਵਿਫਟ ਕਾਰ ਚਾਲਕ ਅਨੁਸਾਰ ਉਹ ਟਾਹਲੀ ਸਾਹਿਬ ਗੁਰਦੁਆਰਾ ਮੱਥਾ ਟੇਕਣ ਜਾ ਰਿਹਾ ਸੀ। ਉਹ ਸੁਲਤਾਨਵਿੰਡ ਨਹਿਰ ਨੇੜੇ ਸੀ ਜਦੋਂ ਅਚਾਨਕ ਕਾਰ ਅੱਗੇ ਕੁੱਤਾ ਆ ਗਿਆ। ਜਿਸ ਤੋਂ ਬਾਅਦ ਉਸ ਨੂੰ ਅਚਾਨਕ ਬ੍ਰੇਕ ਲਗਾਉਣੀ ਪਈ। ਉਸ ਦੀ ਕਾਰ ਰੁਕ ਗਈ ਪਰ ਪਿੱਛੇ ਆ ਰਹੀ ਆਈ-20 ਕਾਰ ਨੇ ਉਸ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਥਾਣਾ ਸੁਲਤਾਨਵਿੰਡ ਦੇ ਏਐਸਆਈ ਰਾਜ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਲਿਆਂਦਾ। ਏਐਸਆਈ ਰਾਜ ਕੁਮਾਰ ਨੇ ਦੱਸਿਆ ਕਿ ਦੋਵਾਂ ਵਾਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ ਹਨ। ਡਰਾਈਵਰਾਂ ਦੀ ਵੀ ਚੈਕਿੰਗ ਕੀਤੀ ਗਈ ਹੈ, ਦੋਵੇਂ ਵਾਹਨਾਂ ਦੇ ਡਰਾਈਵਰਾਂ ਨੇ ਕਿਸੇ ਕਿਸਮ ਦਾ ਨਸ਼ਾ ਤਾਂ ਨਹੀਂ ਕੀਤਾ ਹੋਇਆ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।