- ਚਾਰ ਮੈਂਬਰੀ ਕਮੇਟੀ ਵਿੱਚ ਡਾਇਰੈਕਟਰ ਮੱਛੀ ਪਾਲਣ, ਪੀ.ਐਸ.ਪੀ.ਸੀ.ਐਲ. ਅਧਿਕਾਰੀ ਸਣੇ ਦੋ ਝੀਂਗਾ ਪਾਲਕ ਹੋਣਗੇ ਸ਼ਾਮਲ
ਚੰਡੀਗੜ੍ਹ, 26 ਮਈ 2023 – ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਝੀਂਗਾ ਪਾਲਣ ਲਈ ਬਿਜਲੀ ਦੀਆਂ ਦਰਾਂ ਵਿੱਚ ਰਿਆਇਤ ਦੇਣ ਲਈ ਵਿਚਾਰ ਕਰਨ ਵਾਸਤੇ 4 ਮੈਂਬਰੀ ਕਮੇਟੀ ਗਠਤ ਕੀਤੀ ਗਈ ਹੈ।
ਇਥੇ ਆਪਣੇ ਦਫ਼ਤਰ ਵਿਖੇ ਸੂਬੇ ਦੇ ਝੀਂਗਾ ਪਾਲਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬਾ ਸਰਕਾਰ ਝੀਂਗਾ ਪਾਲਣ ਅਧੀਨ ਰਕਬਾ ਅਗਲੇ ਪੰਜ ਸਾਲਾਂ ਵਿੱਚ 5000 ਹੈਕਟੇਅਰ ਕਰਨ ਦੇ ਟੀਚੇ ਤਹਿਤ ਇਸ ਕਿੱਤੇ ਦੇ ਲਾਗਤ ਖ਼ਰਚਿਆਂ ਨੂੰ ਘਟਾਉਣ ਵੱਲ ਤਵੱਜੋ ਦੇਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਬਿਜਲੀ ਦਰਾਂ ‘ਚ ਰਿਆਇਤ ਸਬੰਧੀ ਵਿਚਾਰ ਕਰਨ ਵਾਸਤੇ ਡਾਇਰੈਕਟਰ ਮੱਛੀ ਪਾਲਣ, ਪੀ.ਐਸ.ਪੀ.ਸੀ.ਐਲ. ਅਧਿਕਾਰੀ ਅਤੇ ਦੋ ਝੀਂਗਾ ਪਾਲਕ ਕਿਸਾਨਾਂ ‘ਤੇ ਆਧਾਰਿਤ ਚਾਰ ਮੈਂਬਰੀ ਕਮੇਟੀ ਸਾਰੇ ਪਹਿਲੂਆਂ ‘ਤੇ ਵਿਚਾਰ ਕਰਕੇ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਝੀਂਗਾ ਪਾਲਣ ਲਈ ਰਵਾਇਤੀ ਊਰਜਾ ਸਰੋਤਾਂ ਤੋਂ ਸੌਰ ਊਰਜਾ ਵੱਲ ਜਾਣ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ।
ਭੁੱਲਰ ਨੇ ਕਿਹਾ ਕਿ ਸੂਬੇ ਦੇ ਦੱਖਣੀ-ਪੱਛਮੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਮਾਨਸਾ, ਬਠਿੰਡਾ ਅਤੇ ਫ਼ਰੀਦਕੋਟ ਖਾਰੇਪਣ ਅਤੇ ਸੇਮ ਦੀ ਸਮੱਸਿਆ ਨਾਲ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਰਵਾਇਤੀ ਫ਼ਸਲਾਂ ਬਹੁਤ ਪ੍ਰਭਾਵਿਤ ਹੋਈਆਂ ਹਨ ਪਰ ਝੀਂਗਾ ਪਾਲਣ ਬਹੁਤ ਸਫ਼ਲ ਸਿੱਧ ਹੋਇਆ ਹੈ। ਇਸ ਲਈ ਸਰਕਾਰ ਇਸ ਖੇਤਰ ਵਿੱਚ ਝੀਂਗਾ ਪਾਲਣ ਨੂੰ ਹੋਰ ਉਤਸ਼ਾਹਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਸੇ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕਿਹਾ ਕਿ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਮਾਮਲਾ ਵਿੱਤ ਵਿਭਾਗ ਕੋਲ ਵਿਚਾਰਿਆ ਜਾਵੇਗਾ ਤਾਂ ਜੋ ਕਿਸੇ ਢੁਕਵੇਂ ਹੱਲ ਤੱਕ ਪਹੁੰਚਿਆ ਜਾ ਸਕੇ।
ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਕਿਹਾ ਕਿ ਝੀਂਗਾ ਪਾਲਕਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।
ਇਸ ਮੌਕੇ ਡਾਇਰੈਕਟਰ ਮੱਛੀ ਪਾਲਣ ਸ੍ਰੀ ਜਸਵੀਰ ਸਿੰਘ, ਸਹਾਇਕ ਡਾਇਰੈਕਟਰ ਸ੍ਰੀਮਤੀ ਸਤਿੰਦਰ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।