- ਵਿਧਾਨ ਸਭਾ ਸਪੀਕਰ ਨੇ ਕਿਹਾ- ਪਾਣੀ ਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਲੁਧਿਆਣਾ, 21 ਜੁਲਾਈ 2022 – ਪੰਜਾਬ ਦੇ ਬੁੱਢੇ ਨਾਲੇ ਦਾ ਬੁੱਧਵਾਰ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੇ ਦੌਰਾ ਕੀਤਾ। ਇਸ ਦੌਰਾਨ ਕੁਲਤਾਰ ਸੰਧਵਾ ਨੇ ਕਿਹਾ ਕਿ ਬੁੱਢਾ ਡਰੇਨ ਦੀ ਮੁੜ ਸਫ਼ਾਈ ਲਈ ਵਿਧਾਨ ਸਭਾ ਵੱਲੋਂ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦਾ ਚੇਅਰਮੈਨ ਵਿਧਾਇਕ ਦਲਜੀਤ ਗਰੇਵਾਲ ਭੋਲਾ ਨੂੰ ਨਿਯੁਕਤ ਕੀਤਾ ਗਿਆ ਹੈ।
ਸੰਧਵਾ ਨੇ ਕਿਹਾ ਕਿ ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਧਾਇਕ ਦਲਜੀਤ ਸਿੰਘ ਭੋਲਾ ਦੀ ਅਗਵਾਈ ਹੇਠ ਸੱਤ ਮੈਂਬਰੀ ਕਮੇਟੀ ਘੱਗਰ ਦਰਿਆ ਦੀ ਸਫ਼ਾਈ ਨੂੰ ਯਕੀਨੀ ਬਣਾਏਗੀ। ਵਿਧਾਇਕ ਮਦਨ ਲਾਲ ਬੱਗਾ, ਗੁਰਪ੍ਰੀਤ ਸਿੰਘ, ਬੀਰਿੰਦਰ ਗੋਇਲ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਇਆਲੀ ਅਤੇ ਸੰਦੀਪ ਜਾਖੜ ਇਸ ਦੇ ਮੈਂਬਰ ਹੋਣਗੇ।
ਸੰਧਵਾ ਨੇ ਬੁੱਢਾ ਨਾਲਾ ਦੇ ਨਾਲ ਲੱਗਦੇ ਪਿੰਡਾਂ ਵਲੀਪੁਰ, ਗੌਂਸਪੁਰ ਅਤੇ ਹੋਰ ਕਈ ਪਿੰਡਾਂ ਦਾ ਦੌਰਾ ਵੀ ਕੀਤਾ। ਸਪੀਕਰ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਜਲ ਸਰੋਤਾਂ ਦੀ ਸਫਾਈ ਦੇ ਨਾਲ-ਨਾਲ ਕੁਦਰਤੀ ਸੋਮਿਆਂ ਦੀ ਰਾਖੀ ਕਰੇਗੀ।
ਇਸ ਦੇ ਨਾਲ ਹੀ ਸੰਧਵਾ ਨੇ ਕਿਹਾ ਕਿ ਵਿਧਾਨ ਸਭਾ ਕਮੇਟੀ ਬੁੱਢਾ ਨਾਲਾ ਅਤੇ ਘੱਗਰ ਦਰਿਆ ਦੀ ਸਥਿਤੀ ਨੂੰ ਸਮਝੇਗੀ ਅਤੇ ਇਸ ਕੰਮ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਇਹ ਕਮੇਟੀ ਇਸ ਕੰਮ ਲਈ ਐਸ.ਟੀ.ਪੀ ਦੀ ਸਥਾਪਨਾ ਅਤੇ ਹੋਰ ਪ੍ਰੋਜੈਕਟਾਂ ਦੀ ਵੀ ਦੇਖ ਰੇਖ ਕਰੇਗੀ। ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੰਧਵਾ ਨੇ ਪੰਜਾਬ ਪ੍ਰਦੂਸ਼ਣ ਬੋਰਡ ਤੋਂ ਬੁੱਢਾ ਨਾਲਾ ਪ੍ਰਦੂਸ਼ਿਤ ਕਰਨ ਵਾਲੇ ਉਦਯੋਗਾਂ ਦੀ ਸੂਚੀ ਬਣਾ ਕੇ ਇਕ ਮਹੀਨੇ ਵਿਚ ਰਿਪੋਰਟ ਮੰਗੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੰਧਵਾ ਨੂੰ ਬੁੱਢੇ ਨਾਲੇ ਦੇ 650 ਕਰੋੜ ਰੁਪਏ ਦੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ। ਸਪੀਕਰ ਦੇ ਨਾਲ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਹਾਜ਼ਰ ਸਨ।