- ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਲੱਗੀਆਂ ਫਸਲਾਂ ਵਾਹੀਆਂ, ਕਿਸਾਨਾਂ ਵੱਲੋਂ ਵਿਰੋਧ
ਤਰਨਤਾਰਨ, 22 ਨਵੰਬਰ 2023 – ਹਾਈ ਕੋਰਟ ਦੇ ਹੁਕਮਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਤਰਨਤਾਰਨ ਪੁਲਿਸ ਵੱਲੋਂ ਪਿੰਡ ਦੀਨੇਵਾਲ ਝੰਡੇਰ ਮਹਾਂਪੁਰਖਾਂ ਅਤੇ ਫਤਿਹਾਬਾਦ ਵਿਖੇ ਤੜਕੇ 2 ਵਜੇ ਦੇ ਕਰੀਬ ਨਵੇਂ ਬਣ ਰਹੇ ਜੰਮੂ ਕਟਰਾ ਹਾਈਵੇ ਦੇ ਲਈ ਕਿਸਾਨਾ ਦੀਆਂ ਜਮੀਨਾਂ ਐਕੁਆਇਰ ਕਰਨੀਆਂ ਕੀਤੀਆਂ।
ਜਿਸ ਤੋਂ ਬਾਅਦ ਇਲਾਕੇ ਵਿੱਚ ਪਤਾ ਲੱਗਣ ਤੇ ਕਿਸਾਨ ਵੱਡੇ ਪੱਧਰ ਤੇ ਆਪਣੀਆਂ ਜ਼ਮੀਨਾਂ ਵਿੱਚ ਹਾਜ਼ਰ ਹੋਏ ਅਤੇ ਜ਼ਿਲਾ ਪ੍ਰਸ਼ਾਸਨ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਪ੍ਰਸ਼ਾਸਨ ਅਤੇ ਕਿਸਾਨਾਂ ਵਿੱਚ ਝੜਪ ਵੀ ਹੁੰਦੀ ਦਿਖਾਈ ਦਿੱਤੀ ਅਤੇ ਪੁਲਿਸ ਵੱਲੋਂ ਕੁਝ ਕਿਸਾਨਾਂ ਨੂੰ ਆਪਣੀ ਹਿਰਾਸਤ ਵਿੱਚ ਵੀ ਲੈ ਲਿਆ ਗਿਆ। ਜਿਸ ਤੋਂ ਬਾਅਦ ਗੁੱਸੇ ਚ ਆਏ ਕਿਸਾਨਾਂ ਨੇ ਪ੍ਰਸ਼ਾਸਨ ਵੱਲੋਂ ਜੇਸੀਬੀ ਚਲਾ ਕੇ ਐਕੁਆਇਰ ਕੀਤੀ ਗਈ ਜ਼ਮੀਨ ਤੇ ਟਰੈਕਟਰ ਚਲਾ ਕੇ ਆਪਣਾ ਕਬਜ਼ਾ ਵਾਪਸ ਲਿਆ ਅਤੇ ਦੁਬਾਰਾ ਤੋਂ ਉਸੇ ਜਮੀਨ ਵਿੱਚ ਫਸਲ ਬੀਜ ਦਿੱਤੀ।
ਇਸ ਤੋਂ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਨੇ ਮੀਤ ਪ੍ਰਧਾਨ ਸਤਨਾਮ ਸਿੰਘ ਮੀਆਂ ਵਿੰਡ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਇਨਾਂ ਜ਼ਮੀਨਾਂ ਦਾ ਬਣਦਾ ਮੁਆਵਜ਼ਾ ਨਹੀਂ ਦੇ ਰਹੀ, ਜਿਸ ਕਰਕੇ ਉਹਨਾਂ ਵੱਲੋਂ ਕਈ ਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਉਸਦੇ ਬਾਵਜੂਦ ਵੀ ਅੱਜ ਸਰਕਾਰ ਦੇ ਹੁਕਮਾਂ ਦੇ ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਜੋ ਕਦੇ ਉਹ ਬਰਦਾਸ਼ਤ ਨਹੀਂ ਕਰਨਗੇ।
ਉਹਨਾਂ ਕਿਹਾ ਕਿ ਜੇ ਸਰਕਾਰ ਨੇ ਉਨਾਂ ਦੀਆਂ ਜ਼ਮੀਨਾਂ ਆਕੁਇਰ ਕਰਨੀਆਂ ਹਨ ਤਾਂ ਉਹਨਾਂ ਨੂੰ ਇਕ ਕਰੋੜ 18 ਲੱਖ ਰੁਪਏ ਦੇ ਸਹਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਉਨਾ ਚਿਰ ਤੱਕ ਉਹ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਪਰ ਪੰਜਾਬ ਸਰਕਾਰ ਕਿਸਾਨਾਂ ਨਾਲ ਵੱਡਾ ਧਰੋ ਕਮਾ ਰਹੀ ਹੈ।