ਸੰਗਰੂਰ, 17 ਜੂਨ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿੱਚ ਐਲਾਨ ਕੀਤਾ ਕਿ ਉਹ ਸੂਬੇ ਵਿੱਚੋਂ ਗੈਂਗਸਟਰਾਂ ਦਾ ਖਾਤਮਾ ਕਰਨਗੇ। ਮਾਨ ਨੇ ਇੱਥੇ ਲੋਕ ਸਭਾ ਉਪ ਚੋਣਾਂ ਲਈ ਰੋਡ ਸ਼ੋਅ ਕੀਤਾ। ਮਾਨ ਨੇ ਸਵਾਲ ਪੁੱਛਿਆ ਕਿ ਕੀ ਗੈਂਗਸਟਰ ਮੈਂ ਲੈ ਕੇ ਆਇਆ ਹਾਂ ? ਮੈਨੂੰ ਆਏ ਨੂੰ 3 ਮਹੀਨੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਵਿਰੋਧੀ ਲੈ ਕੇ ਆਏ ਹਨ ਅਤੇ ਇਹ ਗੈਂਗਸਟਰ ਕਾਂਗਰਸ ਅਤੇ ਅਕਾਲੀਆਂ ਦੇ ਹਨ। ਪਰ ਮੈਂ ਉਨ੍ਹਾਂ ਨੂੰ ਸਾਫ਼ ਕਰਾਂਗਾ। ਮਾਨ ਨੇ ਇੱਥੇ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਘਿਰੀ ਹੋਈ ਹੈ। ‘ਆਪ’ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਦੇ ਅਗਲੇ ਦਿਨ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਰੀਬ ਢਾਈ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਕਾਤਲ ਨੂੰ ਫੜ ਨਹੀਂ ਸਕੀ। ਨੌਜਵਾਨ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹਨ। ਚੋਣਾਂ ਵਿੱਚ ਉਹ ‘ਆਪ’ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਮਾਨ ਦਾ ਸਮਰਥਨ ਕਰ ਰਹੇ ਹਨ। ਇਸ ਕਾਰਨ ਸੀਐਮ ਭਗਵੰਤ ਮਾਨ ਨੂੰ ਗੈਂਗਸਟਰ ਨੂੰ ਲੈ ਕੇ ਸਪੱਸ਼ਟੀਕਰਨ ਦੇਣਾ ਪਿਆ ਹੈ। ਸੰਗਰੂਰ ਵਿੱਚ ਉਨ੍ਹਾਂ ਦਾ ਰੋਡ ਸ਼ੋਅ ਦਾ ਇਹ ਲਗਾਤਾਰ ਦੂਜਾ ਦਿਨ ਹੈ। ਹੁਣ ਮਾਨ 23 ਜੂਨ ਨੂੰ ਵੋਟਾਂ ਪੈਣ ਤੱਕ ਸੰਗਰੂਰ ਵਿੱਚ ਹੀ ਰਹਿਣਗੇ।
ਮਾਨ ਨੇ ਕਿਹਾ ਕੇ ਸੁਖਬੀਰ ਬਾਦਲ ਬੰਦੀ ਸਿੱਖਾਂ ਦੇ ਨਾਂ ‘ਤੇ ਵੋਟਾਂ ਮੰਗਦਾ ਹੈ। ਉਹ ਆਪ ਅਤੇ ਪਤਨੀ ਹਰਸਿਮਰਤ ਬਾਦਲ ਸੰਸਦ ਮੈਂਬਰ ਹਨ ਤਾਂ ਫਿਰ ਬੰਦੀ ਸਿੱਖਾਂ ਨੂੰ ਕਿਉਂ ਨਹੀਂ ਛੁਡਾਇਆ ਗਿਆ। ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਬਾਰੇ ਕਿਹਾ ਕੇ ਮਾਨ ਦਾ ਚੋਣ ਨਿਸ਼ਾਨ ਬਾਲਟੀ ਹੈ ਅਤੇ ਉਹ ਤਲਵਾਰ ਲੈ ਕੇ ਘੁੰਮ ਰਿਹਾ ਹੈ। ਕੇਵਲ ਢਿੱਲੋਂ ਬਾਰੇ ਮਾਨ ਨੇ ਕਿਹਾ ਕੇ ਕਾਂਗਰਸ ਦੀ ਜੈਕੇਟ ਪਹਿਨੀ ਅਤੇ ਚੋਣ ਨਿਸ਼ਾਨ ਕਮਲ ਲੈ ਲਿਆ। ਉਹ ਪਹਿਲੇ ਕਾਂਗਰਸੀ ਸਨ। ਸਾਈਕਲ ਦਾ ਸਟੈਂਡ ਵੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ‘ਚ ਵਿਰੋਧੀਆਂ ਦਾ ਭੋਗ ਪੈ ਰਿਹਾ ਹੈ। ਸਰਕਾਰ ਵੱਲੋਂ 3 ਮਹੀਨਿਆਂ ਵਿੱਚ ਕੀਤੇ ਚੰਗੇ ਕੰਮ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਾਹ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲੋਂ ਸਰਕਾਰ ਨਹੀਂ ਚੱਲੇਗੀ। ਅਸੀਂ ਪਿਛਲੇ 9 ਸਾਲਾਂ ਤੋਂ ਦਿੱਲੀ ਵਿੱਚ ਸਰਕਾਰ ਚਲਾ ਰਹੇ ਹਾਂ।