- ਲਿਸਟ ‘ਚੋਂ ਨਵਜੋਤ ਸਿੱਧੂ ਦਾ ਨਾਂ ਗਾਇਬ
 
ਚੰਡੀਗੜ੍ਹ, 20 ਅਗਸਤ 2023 – ਕਾਂਗਰਸ ਪਾਰਟੀ ਨੇ ਆਪਣੀ ਨਵੀਂ ਵਰਕਿੰਗ ਕਮੇਟੀ (CWC) ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈਕਮਾਂਡ ਨੇ ਸੀਡਬਲਯੂਸੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਅੰਬਿਕਾ ਸੋਨੀ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਵੀ ਜਾਰੀ ਕੀਤੀ ਗਈ ਸੂਚੀ ‘ਚ ਜਗ੍ਹਾ ਦਿੱਤੀ ਗਈ ਹੈ। ਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੀਡਬਲਯੂਸੀ ਵਿੱਚ ਥਾਂ ਨਹੀਂ ਦਿੱਤੀ ਗਈ।
ਇਸ ਤੋਂ ਪਹਿਲਾਂ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਵਿੱਚ ਵੀ ਥਾਂ ਨਹੀਂ ਦਿੱਤੀ ਗਈ ਸੀ। ਫਰਵਰੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਸੂਬਾ ਕਾਂਗਰਸ ਦੇ ਮੁਖੀ ਸਨ, ਪਰ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਗਿਆ। ਉਦੋਂ ਤੋਂ ਹੀ ਕਿਆਸ ਅਰਾਈਆਂ ਚੱਲ ਰਹੀਆਂ ਸਨ ਕਿ ਸਿਰਫ ਕਾਂਗਰਸ ਹਾਈਕਮਾਂਡ ਹੀ ਸਿੱਧੂ ਨੂੰ ਕੇਂਦਰ ਦੀ ਲੀਡਰਸ਼ਿਪ ਵਿੱਚ ਥਾਂ ਦੇ ਸਕਦੀ ਹੈ।
ਹਾਲਾਂਕਿ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਵੱਲੋਂ ਐਤਵਾਰ ਨੂੰ ਜਾਰੀ ਕੀਤੀ ਗਈ ਪਾਰਟੀ ਦੀ ਨਵੀਂ ਵਰਕਿੰਗ ਕਮੇਟੀ (ਸੀਡਬਲਿਊਸੀ) ਮੈਂਬਰਾਂ ਦੀ ਸੂਚੀ ਵਿੱਚ ਸਿੱਧੂ ਨੂੰ ਥਾਂ ਨਹੀਂ ਦਿੱਤੀ ਗਈ। ਸਿੱਧੂ ਆਪਣੇ ਆਪ ਨੂੰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਕਰੀਬੀ ਦੱਸਦੇ ਰਹੇ ਹਨ, ਪਰ ਸੀਡਬਲਿਊਸੀ ਦੀ ਨਵੀਂ ਸੂਚੀ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਹਾਈਕਮਾਂਡ ਪੰਜਾਬ ਵਿੱਚ ਉਨ੍ਹਾਂ ਨਾਲੋਂ ਚੰਨੀ ‘ਤੇ ਜ਼ਿਆਦਾ ਭਰੋਸਾ ਦਿਖਾ ਰਹੀ ਹੈ। ਦੇਖੋ ਲਿਸਟ…….
			
			


			
			
					
						
			
			
