ਚੰਡੀਗੜ੍ਹ, 16 ਅਪ੍ਰੈਲ 2022 – ਪੰਜਾਬ ‘ਚ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ‘ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਕੀਤਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸੀ.ਐਮ.ਭਗਵੰਤ ਮਾਨ ਵੱਲੋਂ 300 ਯੂਨਿਟ ਮੁਫਤ ਬਿਜਲੀ ਦੇਣ ਦੀ ਕੀ ਸੱਚਾਈ ਹੈ ਇਸ ਦੇ ਵੇਰਵੇ ਅਤੇ ਸ਼ਰਤਾਂ ਦੇ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗੇਗਾ। ਵੜਿੰਗ ਨੇ ਪਾਵਰਕੌਮ (ਪੀਐਸਪੀਸੀਐਲ) ਨੂੰ ਵਿਅੰਗਮਈ ਲਹਿਜੇ ਵਿੱਚ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਵੜਿੰਗ ਨੇ ਕਿਹਾ ਕਿ ਹੁਣ ਪਾਵਰਕੌਮ ਨੇ ਕਿਸੇ ਨਾ ਕਿਸੇ ਤਰ੍ਹਾਂ ਜਿੰਦਾ ਰਹਿਣਾ ਹੈ। ਅਜਿਹਾ ਇਸ ਲਈ ਕਿਉਂਕਿ ਮੁਫ਼ਤ ਬਿਜਲੀ ਦਾ ਬੋਝ ਪਾਵਰਕੌਮ ’ਤੇ ਪਵੇਗਾ। ਇਸ ਦੇ ਨਾਲ ਹੀ ਕਈ ਸਰਕਾਰੀ ਵਿਭਾਗ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਰਹੇ ਹਨ ਅਤੇ ਸਰਕਾਰ ਖੁਦ ਵੀ ਕਰੋੜਾਂ ਰੁਪਏ ਦੀ ਸਬਸਿਡੀ ਦਾ ਭੁਗਤਾਨ ਨਹੀਂ ਕਰ ਰਹੀ ਹੈ।
ਦਰਅਸਲ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ‘ਚ ਸਰਕਾਰ ਬਣਨ ‘ਤੇ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਹਾਲਾਂਕਿ ਜੇਕਰ ਬਿਜਲੀ ਦੇ ਯੂਨਿਟ 301 ਹੋ ਜਾਂਦੇ ਹਨ ਤਾਂ ਪੂਰਾ ਬਿੱਲ ਅਦਾ ਕਰਨਾ ਹੋਵੇਗਾ। ਇਹ ਵੀ ਭੰਬਲਭੂਸਾ ਹੈ ਕਿ ਇਹ 300 ਯੂਨਿਟ ਇੱਕ ਮਹੀਨੇ ਲਈ ਹਨ ਜਾਂ 2 ਮਹੀਨਿਆਂ ਲਈ। ਅਜਿਹਾ ਇਸ ਲਈ ਕਿਉਂਕਿ ਪੰਜਾਬ ਵਿੱਚ ਬਿਜਲੀ ਦਾ ਬਿੱਲ 2 ਮਹੀਨੇ ਬਾਅਦ ਆਉਂਦਾ ਹੈ। ਉਦੋਂ ਤੱਕ ਲੋਕਾਂ ਕੋਲ 300 ਤੋਂ ਵੱਧ ਯੂਨਿਟ ਹੋ ਚੁੱਕੇ ਹੋਣਗੇ। ਹਾਲਾਂਕਿ ‘ਆਪ’ ਆਗੂ ਦਾਅਵਾ ਕਰ ਰਹੇ ਹਨ ਕਿ ਲੋਕਾਂ ਨੂੰ 2 ਮਹੀਨਿਆਂ ਤੱਕ 600 ਯੂਨਿਟ ਬਿਜਲੀ ਮਿਲੇਗੀ। ਫਿਲਹਾਲ ਸਭ ਨੂੰ ਭਗਵੰਤ ਮਾਨ ਦੇ ਰਸਮੀ ਐਲਾਨ ਦੀ ਉਡੀਕ ਹੈ।