ਚੰਡੀਗੜ੍ਹ, 6 ਮਈ 2022 – ਅੱਜ ਦਿੱਲੀ ਵਿੱਚ ਹੋਣ ਵਾਲੀ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਕਮੇਟੀ ਦੇ ਚੇਅਰਮੈਨ ਏ.ਕੇ.ਐਂਟਨੀ ਅਚਾਨਕ ਬਿਮਾਰ ਹੋ ਗਏ ਹਨ। ਜਿਸ ਕਾਰਨ ਇਹ ਫੈਸਲਾ ਲਿਆ ਗਿਆ। ਇਸ ਮੀਟਿੰਗ ਵਿੱਚ ਪੰਜਾਬ ਦੇ ਕਾਂਗਰਸੀ ਆਗੂ ਨਵਜੋਤ ਸਿੱਧੂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਲਿਆ ਜਾਣਾ ਸੀ।
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸਿੱਧੂ ਖਿਲਾਫ ਸ਼ਿਕਾਇਤ ਕੀਤੀ ਸੀ। ਇਸ ਦੇ ਲਈ ਪੰਜਾਬ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਫਾਰਿਸ਼ ਕੀਤੀ ਸੀ। ਜਿਸ ਤੋਂ ਬਾਅਦ ਸ਼ਿਕਾਇਤ ਅਨੁਸ਼ਾਸਨੀ ਕਮੇਟੀ ਨੂੰ ਕਾਰਵਾਈ ਲਈ ਭੇਜ ਦਿੱਤੀ ਗਈ ਸੀ।
ਨਵਜੋਤ ਸਿੱਧੂ ਦੇ ਰਵੱਈਏ ਤੋਂ ਕਾਂਗਰਸ ਕਾਫੀ ਨਾਰਾਜ਼ ਹੈ। ਜਿਸ ਕਾਰਨ ਸਿੱਧੂ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ। ਪਹਿਲਾਂ ਸਿੱਧੂ ਨੂੰ ਨੋਟਿਸ ਭੇਜਿਆ ਜਾਵੇਗਾ। ਜਵਾਬ ਮਿਲਦੇ ਹੀ ਸਿੱਧੂ ਨੂੰ ਸਸਪੈਂਡ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਕਾਂਗਰਸ ਸਿੱਧੂ ਨੂੰ ਪਾਰਟੀ ‘ਚੋਂ ਵੀ ਕੱਢ ਸਕਦੀ ਹੈ। ਇਸ ਦਾ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦਾ ਵਤੀਰਾ ਕਿਸੇ ਵੀ ਆਗੂ ਨਾਲ ਠੀਕ ਨਹੀਂ। ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਤੋਂ ਬਾਅਦ ਹੁਣ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਚੱਲਣ ਨੂੰ ਤਿਆਰ ਨਹੀਂ ਹਨ। ਜਿਸ ਕਾਰਨ ਪੰਜਾਬ ਵਿੱਚ ਕਾਂਗਰਸ ਦਾ ਸੰਕਟ ਜਾਰੀ ਹੈ।
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਕਰੀਬੀ ਹੋਣ ਕਾਰਨ ਕਾਂਗਰਸ ਹਾਈਕਮਾਂਡ ਵੀ ਸਿੱਧੂ ਤੋਂ ਨਾਰਾਜ਼ ਹੈ। ਜਿਸ ਦਿਨ ਪੀਕੇ ਨਾਲ ਕਾਂਗਰਸ ਟੁੱਟ ਗਈ, ਉਸੇ ਦਿਨ ਸਿੱਧੂ ਨੇ ਪੀਕੇ ਨਾਲ ਇੱਕ ਫੋਟੋ ਟਵੀਟ ਕੀਤੀ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਸਮਰਥਨ ‘ਚ ਟਵੀਟ ਕੀਤਾ। ਇਹ ਗੱਲਾਂ ਸਿੱਧੇ ਕਾਂਗਰਸ ਹਾਈਕਮਾਂਡ ਤੱਕ ਪਹੁੰਚ ਗਈਆਂ ਹਨ। ਜਿਸ ਨੂੰ ਹਾਈਕਮਾਂਡ ਸਿੱਧੂ ਲਈ ਚੁਣੌਤੀ ਵਜੋਂ ਦੇਖ ਰਹੀ ਹੈ। ਇਸ ਕਾਰਨ ਹਾਈਕਮਾਂਡ ਨੇ ਵੀ ਸਿੱਧੂ ਖਿਲਾਫ ਸਖਤ ਕਾਰਵਾਈ ਦੇ ਸੰਕੇਤ ਦਿੱਤੇ ਹਨ।