ਚੰਡੀਗੜ੍ਹ, 17 ਅਕਤੂਬਰ 2024 – ਗਿਆਨੀ ਹਰਪ੍ਰੀਤ ਸਿੰਘ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਵਜੋਂ ਅਸਤੀਫ਼ਾ ਦੇਣ ਮਗਰੋਂ ਪੰਜਾਬ ਦੀ ਸਿਆਸਤ ‘ਚ ਭੂਚਾਲ ਆ ਗਿਆ। ਹੁਣ ਇਸ ਵਿਵਾਦ ‘ਚ ਕਾਂਗਰਸ ਦੀ ਵੀ ਐਂਟਰੀ ਹੋ ਗਈ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਵਿਵਾਦ ਬਾਰੇ ਪੰਜਾਬ ਦੇ ਡੀ ਜੀ. ਪੀ. ਗੌਰਵ ਯਾਦਵ ਨੂੰ ਇਕ ਚਿੱਠੀ ਲਿਖੀ ਹੈ। ਉਨ੍ਹਾਂ ਨੇ ਇਸ ਚਿੱਠੀ ‘ਚ ਵਿਰਸਾ ਸਿੰਘ ਵਲਟੋਹਾ, ਅਕਾਲੀ ਦਲ ਦੀ ਆਈ. ਟੀ. ਵਿੰਗ ਅਤੇ ਅਕਾਲੀ ਦਲ ਦੇ ਪ੍ਰਧਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਡੀ. ਜੀ. ਪੀ. ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਬਣਦੀ ਕਾਰਵਾਈ ਕਰਨਗੇ।
ਰੰਧਾਵਾ ਨੇ ਚਿੱਠੀ ‘ਚ ਲਿਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਜਿਹੜੀ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ, ਉਸ ਨਾਲ ਸਮੁੱਚੀ ਸਿੱਖ ਕੌਮ ਨੂੰ ਠੇਸ ਪਹੁੰਚੀ ਹੈ। ਰੰਧਾਵਾ ਨੇ ਲਿਖਿਆ ਕਿ ਮੇਰੇ ਕੋਲੋਂ ਕੱਲ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵਲੋਂ ਬੋਲੇ ਭਾਵੁਕ ਲਫ਼ਜ ਸਹਿਣ ਨਹੀਂ ਹੋ ਅਤੇ ਸਾਰੀ ਰਾਤ ਬੇਚੈਨੀ ਨਾਲ ਲੰਘੀ। ਇਸ ਲਈ ਮੈਂ ਭਰੇ ਮਨ ਨਾਲ ਡੀ. ਜੀ. ਪੀ. ਨੂੰ ਅਪੀਲ ਕਰਦਾ ਹਾਂ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਨੇ ਡੀ. ਜੀ. ਪੀ. ਨੂੰ ਅਪੀਲ ਕੀਤੀ ਕਿ ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਨੂੰ ਸਿਆਸਤ ਤੋਂ ਪਰ੍ਹੇ ਰੱਖ ਕੇ ਸਹੀ ਅਤੇ ਉਚਿਤ ਕਾਰਵਾਈ ਕੀਤੀ ਜਾਵੇ। ਰੰਧਾਵਾ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਡੀ. ਜੀ. ਪੀ. ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਨ੍ਹਾਂ ਸਾਰੇ ਛੋਟੇ ਅਤੇ ਵੱਡੇ ਆਗੂਆਂ ਖ਼ਿਲਾਫ਼ ਬਣਦੀ ਕਾਰਵਾਈ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਤੁਹਾਡੇ ਵੱਲ ਦੇਖ ਰਹੀ ਹੈ ਕਿ ਤੁਸੀਂ ਸੋਸ਼ਲ ਮੀਡੀਆ ਆਕਾ ਅਤੇ ਵੱਡੇ ਅਕਾਲੀ ਆਗੂਆਂ ‘ਤੇ ਕੀ ਕਾਰਵਾਈ ਕਰਦੇ ਹੋਏ।