ਚੰਡੀਗੜ੍ਹ, 17 ਜੁਲਾਈ 2022 – ਪੰਜਾਬ ‘ਚ ਕਾਂਗਰਸ ਦੇ ਸਾਬਕਾ ਮੰਤਰੀਆਂ ‘ਤੇ ਹੋਈ ਕਾਰਵਾਈ ਦੇ ਵਿਰੋਧ ‘ਚ ਕਾਂਗਰਸ ਸਾਹਮਣੇ ਆਈ ਹੈ। ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਇਸ ਬਾਰੇ ਸਖ਼ਤ ਇਤਰਾਜ਼ ਉਠਾਇਆ ਗਿਆ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਬਦਲਾਅ ਦਾ ਵਾਅਦਾ ਕੀਤਾ ਸੀ। ਜਦੋਂ ਉਹ ਕੋਈ ਬਦਲਾਅ ਨਾ ਲਿਆ ਸਕੀ ਤਾਂ ਬਦਲਾ ਲੈਣ ‘ਤੇ ਉਤਰ ਆਈ ਹੈ। ਕਾਂਗਰਸ ਦੀ ਮੀਟਿੰਗ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਵੱਲੋਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦਾ ਵਿਰੋਧ ਵੀ ਪ੍ਰਗਟਾਇਆ ਗਿਆ।
ਹਰੀਸ਼ ਚੌਧਰੀ ਨੇ ਦੱਸਿਆ ਕਿ ਮੀਟਿੰਗ ‘ਚ ਪੰਜਾਬ ਦੇ ਹਾਲਾਤ ‘ਤੇ ਚਰਚਾ ਕੀਤੀ ਗਈ। ਲੋਕਾਂ ਨੇ ਬਦਲਾਅ ਲਈ ‘ਆਪ’ ਦੀ ਸਰਕਾਰ ਬਣਾਈ। ਕਿਸੇ ਵੀ ਦਿਸ਼ਾ ਵਿੱਚ ਕੋਈ ਬਦਲਾਅ ਨਹੀਂ ਆਇਆ, ਬਦਲਾਅ ਨਾ ਕਰ ਸਕੀ ਤਾਂ ਆਪ ਬਦਲੇ ਦੀ ਰਾਜਨੀਤੀ ‘ਤੇ ਉਤਰ ਆਈ ਹੈ। ਦਿੱਲੀ ਵਿੱਚ ਬੈਠ ਕੇ ਪੰਜਾਬ ਦੀ ਸਰਕਾਰ ਦਿੱਲੀ ਵਾਲੇ ਚਲਾ ਰਹੇ ਹਨ। ਇਹ ਪੰਜਾਬ ਹੈ। ਸੰਗਰੂਰ ਚੋਣ ਨਤੀਜਿਆਂ ਨੇ ਸੁਨੇਹਾ ਦਿੱਤਾ ਹੈ। ਚੌਧਰੀ ਨੇ ਦੱਸਿਆ ਕਿ ਆਸ਼ੂ ਬੰਗੜ ਅਤੇ ਸੰਗਤ ਸਿੰਘ ਗਿਲਜੀਆਂ ਖਿਲਾਫ ਬਿਨਾਂ ਕਿਸੇ ਸਬੂਤ ਦੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਰੀਸ਼ ਚੌਧਰੀ ਨੇ ਸਵਾਲ ਉਠਾਇਆ ਕਿ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਬਠਿੰਡਾ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਨਾਲ ਜੋ ਵਾਪਰਿਆ, ਉਹ ਸੋਚ ਤੋਂ ਬਾਹਰ ਹੈ।