- ਰਾਘਵ ਚੱਢਾ ਦਾ ਰਾਹੁਲ ਗਾਂਧੀ ਨੂੰ ਜਵਾਬ- “ਮੇਰੀ ਰਗਾਂ ਵਿੱਚ ਪੰਜਾਬੀ ਖੂਨ, ਮੇਰੇ ਲਈ 1984 ਦਾ ਕਤਲੇਆਮ ਮੁਆਫ਼ ਕਰਨਾ ਅਸੰਭਵ, ਪੰਜਾਬੀਆਂ ਲਈ ਨਾਪਸੰਦਗੀ ਤੁਹਾਡੀ ਪਾਰਟੀ ਦੇ ਡੀਐਨਏ ਵਿੱਚ ਹੈ
- ਕਿਹਾ, 1984 ਕਤਲੇਆਮ ‘ਤੇ ਮੁਆਫੀ ਮੰਗਣ ਰਾਹੁਲ ਗਾਂਧੀ
- ‘ਆਪ’ ਸੰਸਦ ਮੈਂਬਰ ਨੇ ਟਵਿੱਟਰ ‘ਤੇ ਰਾਹੁਲ ਗਾਂਧੀ ਦੀ ਮਨਮੋਹਨ ਸਿੰਘ ਨਾਲ ਤਸਵੀਰ ਕੀਤੀ ਸਾਂਝੀ
ਚੰਡੀਗੜ੍ਹ, 20 ਜਨਵਰੀ 2023 – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਾਸੀ 1984 ਦੇ ਕਤਲੇਆਮ ਨੂੰ ਕਦੇ ਨਹੀਂ ਭੁੱਲ ਸਕਦੇ ਅਤੇ ਨਾ ਹੀ ਕਾਂਗਰਸ ਨੂੰ ਕਦੇ ਮੁਆਫ਼ ਕਰਨਗੇ।
ਰਾਹੁਲ ਗਾਂਧੀ ਦੇ ਤਾਜ਼ਾ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਸਾਂਸਦ ਚੱਢਾ ਨੇ ਕਿਹਾ ਕਿ ‘ਤੁਹਾਡੀ ਪਾਰਟੀ, ਜਦੋਂ ਤੋਂ ਮੇਰਾ ਜਨਮ ਹੋਇਆ ਹੈ, ਉਦੋਂ ਤੋਂ ਤੁਹਾਡੀ ਬ੍ਰਾਂਡਿੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਲੱਗਦਾ ਨਹੀਂ ਕਿ ਇਸ ਵਾਰ ਵੀ ਇਹ ਕੰਮ ਕਰੇਗਾ।’
ਸਿੱਖ ਵਿਰੋਧੀ ਦੰਗਿਆਂ ਅਤੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਲਈ ਗਾਂਧੀ ਪਰਿਵਾਰ ਦੀ ਨਿੰਦਾ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਰਾਹੁਲ ਨੂੰ ਆਪਣੇ ਪਰਿਵਾਰ ਵੱਲੋਂ ਕੀਤੇ ਗਏ ਇਨ੍ਹਾਂ ਘਿਨਾਉਣੇ ਕੰਮਾਂ ਲਈ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
ਚੱਢਾ ਨੇ ਕਿਹਾ ਕਿ ਉਨ੍ਹਾਂ ਦੀਆਂ ਰਗਾਂ ਵਿੱਚ ਪੰਜਾਬੀ ਖੂਨ ਹੈ ਅਤੇ 1984 ਦਾ ਕਤਲੇਆਮ ਨਾ ਮੁਆਫ਼ੀਯੋਗ ਹੈ। ਕਾਂਗਰਸ ਪਾਰਟੀ ਦੇ ਡੀਐਨਏ ਵਿੱਚ ਪੰਜਾਬੀਆਂ ਪ੍ਰਤੀ ‘ਪੈਥੋਲੋਜੀਕਲ’ ਨਾਪਸੰਦਗੀ ਹੈ।
ਉਨ੍ਹਾਂ ਨੇ ਟਵਿੱਟਰ ‘ਤੇ ਰਾਹੁਲ ਗਾਂਧੀ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਸਵੀਰ ਵੀ ਸਾਂਝੀ ਕੀਤੀ। ਰਾਘਵ ਚੱਢਾ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਪੰਜਾਬ ‘ਚ ਵੀ ਦਿੱਲੀ ਤੋਂ ਆਪਣੇ ਨੇਤਾਵਾਂ ਨੂੰ ਉਸੇ ਤਰ੍ਹਾਂ ਕੰਟਰੋਲ ਕੀਤਾ ਜਿਵੇਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੰਟਰੋਲ ਕੀਤਾ ਸੀ।
ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਵਿਰੁੱਧ ਕੰਮ ਕੀਤਾ ਹੈ ਪਰ ਹੁਣ ‘ਆਪ’ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਹੋਰ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਮਜ਼ਬੂਤੀ ਨਾਲ ਕਰੇਗੀ।