ਹਾਰ ਤੋਂ ਬੁਖਲਾਏ ਕਾਂਗਰਸੀ ਆਗੂ ਲੋਕ ਭਲਾਈ ਲਈ ਕੰਮ ਕਰਨ ਵਾਲਿਆਂ ਵਿਰੁੱਧ ਮਾਣਹਾਨੀ ਦੀ ਕਰ ਰਹੇ ਨੇ ਵਰਤੋਂ: ਮਾਨ

  • ਮਾਨਸਾ ਦੀ ਅਦਾਲਤ ਵਿੱਚ ਪੇਸ਼ ਹੋਏ ਭਗਵੰਤ ਮਾਨ
  • ਦੇਸ਼ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਪ੍ਰਗਟਾਇਆ
  • ਕਾਂਗਰਸੀ ਆਗੂ ਆਪਣੇ ਮਾੜੇ ਕੰਮ ਲੁਕਾਉਣ ਲਈ ਭਾਜਪਾ ਵਿੱਚ ਹੋ ਰਹੇ ਨੇ ਸ਼ਾਮਲ

ਮਾਨਸਾ, 20 ਅਕਤੂਬਰ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਰਾਰੀ ਹਾਰ ਤੋਂ ਦੁਖੀ ਤੇ ਘਬਰਾਏ ਕਾਂਗਰਸੀ ਆਗੂ ਮਾਣਹਾਨੀ ਨੂੰ ਹੁਣ ਲੋਕ ਭਲਾਈ ਅਤੇ ਸੂਬੇ ਦੀ ਤਰੱਕੀ ਲਈ ਅਣਥੱਕ ਮਿਹਨਤ ਕਰਨ ਵਾਲਿਆਂ ਵਿਰੁੱਧ ਬਦਲਾ ਲੈਣ ਦੇ ਸਾਧਨ ਵਜੋਂ ਵਰਤ ਰਹੇ ਹਨ।

ਇੱਥੇ ਸਥਾਨਕ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਆਗੂ ਆਪਣੇ ਨਿੱਜੀ ਹਿੱਤਾਂ ਲਈ ਲੋਕਾਂ ਦੇ ਫਤਵੇ ਨਾਲ ਧੋਖਾ ਤੇ ਦਗਾ ਕਰਦੇ ਹਨ, ਉਹ ਹੁਣ ਸਾਡੇ ਵਿਰੁੱਧ ਮਾਣਹਾਨੀ ਦੇ ਕੇਸ ਦਾਇਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅਜਿਹੇ ਵਿਅਕਤੀ ਸੂਬਾ ਸਰਕਾਰ ਦੇ ਲੋਕ ਪੱਖੀ ਫੈਸਲੇ ਦੇ ਮੱਦੇਨਜ਼ਰ ਸਰਕਾਰ ਦੀ ਵਧ ਰਹੀ ਮਕਬੂਲੀਅਤ ਤੋਂ ਡਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਸ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਸਾਡੀ ਪਾਰਟੀ ਦੇ ਹੱਕ ਵਿੱਚ ਆਏ ਫੈਸਲੇ ਕਾਰਨ ਰੰਜਿਸ਼ ਵਜੋਂ ਦਾਇਰ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮਾਮਲੇ ਉਨ੍ਹਾਂ ਨੂੰ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਲਈ ਫੈਸਲੇ ਲੈਣ ਤੋਂ ਨਹੀਂ ਰੋਕ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਲਈ ਅਜਿਹੇ ਕਿਸੇ ਵੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਕਿੰਨਾ ਹਾਸੋਹੀਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਲੰਬੇ ਸਮੇਂ ਤੱਕ ਬਰਬਾਦ ਕੀਤਾ, ਉਹ ਹੁਣ ਲੋਕ ਭਲਾਈ ਲਈ ਕੰਮ ਕਰਨ ਵਾਲਿਆਂ ਵਿਰੁੱਧ ਮਾਣਹਾਨੀ ਨੂੰ ਸਾਧਨ ਵਜੋਂ ਵਰਤ ਰਹੇ ਹਨ।

ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਕਈ ਦਹਾਕਿਆਂ ਤੋਂ ਦੇਸ਼ ਨੂੰ ਲੁੱਟਣ ਵਾਲਿਆਂ ਖ਼ਿਲਾਫ਼ ਮਾਣਹਾਨੀ ਦੇ ਕੇਸ ਕਿਉਂ ਨਹੀਂ ਦਰਜ ਕੀਤੇ ਜਾਂਦੇ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੱਚੇ ਦੇਸ਼ ਭਗਤਾਂ ਨੂੰ ਅੱਤਵਾਦੀ ਗਰਦਾਨਦੇ ਹਨ, ਉਨ੍ਹਾਂ ਖਿਲਾਫ ਅਜਿਹੇ ਕੇਸ ਕਿਉਂ ਨਹੀਂ ਦਰਜ ਕੀਤੇ ਜਾ ਰਹੇ। ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਆਗੂ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦੂਰ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਬਦਲਣ ਲਈ ਅਣਥੱਕ ਮਿਹਨਤ ਕਰ ਰਹੇ ਹਨ, ਉਹ ਅੱਤਵਾਦੀ ਕਿਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਕੋਈ ਮਾਣਹਾਨੀ ਵਰਗੀ ਕਾਰਵਾਈ ਨਹੀਂ ਹੁੰਦੀ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਉਨ੍ਹਾਂ ਵਿਰੁੱਧ ਸੰਮਨ ਜਾਰੀ ਕੀਤੇ ਜਾਣਗੇ ਤਾਂ ਉਹ ਅਦਾਲਤ ਵਿੱਚ ਪੇਸ਼ ਹੋਣਗੇ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਅਦਾਲਤਾਂ ਬਹੁਤ ਸਤਿਕਾਰਯੋਗ ਹਨ ਅਤੇ ਉਹ ਅਦਾਲਤ ਦੇ ਹਰ ਫੈਸਲੇ ਦੀ ਪਾਲਣਾ ਕਰਨਗੇ।

ਕਾਂਗਰਸ ਪਾਰਟੀ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸਾ ਲੁੱਟਣ ਤੋਂ ਬਾਅਦ ਹੁਣ ਇਹ ਆਗੂ ਆਪਣੇ ਮਾੜੇ ਕੰਮਾਂ ਲਈ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਕੇ ਸੁਰੱਖਿਅਤ ਪਨਾਹ ਦੀ ਆਸ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਨੇਤਾਵਾਂ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਕਦੇ ਮੁਆਫ ਨਹੀਂ ਕਰਨਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਗਵੰਤ ਮਾਨ ਨੇ PAU ਦੇ VC ਦੀ ਨਿਯੁਕਤੀ ਰੱਦ ਕਰਨ ‘ਤੇ ਗਵਰਨਰ ਨੂੰ ਦਿੱਤਾ ਠੋਕਵਾਂ ਜਵਾਬ, ਪੜ੍ਹੋ ਕੀ ਕਿਹਾ

ਪੰਜਾਬ ‘ਤੇ ‘ਉੜਤਾ ਪੰਜਾਬ’ ਵਰਗੇ ਲੱਗੇ ਦਾਗ਼ ਧੋਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਅਹਿਮ ਭੂਮਿਕਾ ਨਿਭਾਉਣਗੀਆਂ – ਕਟਾਰੂਚੱਕ