- ਕੇਜਰੀਵਾਲ ਰਾਜਨੀਤੀ ਕਰਨ ਨਹੀਂ ਸਗੋਂ ਰਾਜਨੀਤੀ ਬਦਲਣ ਆਏ ਹਨ, ਉਹ ਪੂਰੇ ਦੇਸ਼ ਵਿੱਚ ਸਿੱਖਿਆ ਅਤੇ ਸਿਹਤ ਦੀ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ- ਭਗਵੰਤ ਮਾਨ
- ਕਿਹਾ – ਪੀਐਮ ਮੋਦੀ ਦਿੱਲੀ ਦੀ ਸਿੱਖਿਆ ਅਤੇ ਸਿਹਤ ਕ੍ਰਾਂਤੀ ਤੋਂ ਡਰੇ ਹੋਏ ਸਨ, ਇਸ ਲਈ ਉਨ੍ਹਾਂ ਨੇ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਡੱਕਿਆ
- ਅੱਜ ਦੇਸ਼ ਵਿੱਚ ਮੱਧ ਪ੍ਰਦੇਸ਼ ਨੂੰ ਵਿਆਪਮ ਘੁਟਾਲੇ ਲਈ ਜਾਣਿਆ ਜਾ ਰਿਹਾ ਹੈ, ਪਹਿਲਾਂ ਦਿੱਲੀ ਨੂੰ ਵੀ ਘੁਟਾਲੇ ਵਜੋਂ ਜਾਣਿਆ ਜਾਂਦਾ ਸੀ, ਹੁਣ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਲਈ ਜਾਣਿਆ ਜਾਂਦਾ ਹੈ – ਅਰਵਿੰਦ ਕੇਜਰੀਵਾਲ
ਚੰਡੀਗੜ੍ਹ, 2 ਜੁਲਾਈ 2023 – ਮੱਧ ਪ੍ਰਦੇਸ਼ ‘ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਤੁਹਾਡੀ ਵੋਟ ਵੇਚਦੀ ਹੈ। ਇਸ ਦੇ ਵਿਧਾਇਕ ਸਸਤੇ ਭਾਅ ‘ਤੇ ਭਾਜਪਾ ਦੇ ਹੱਥਾਂ ‘ਚ ਵਿਕਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਚੋਣਾਂ ਤੋਂ ਬਾਅਦ ਕਾਂਗਰਸ ਦਫ਼ਤਰ ਵਿੱਚ ਵਿਧਾਇਕ ਸੇਲ ਦਾ ਬੋਰਡ ਲਗਾ ਦਿੱਤਾ ਜਾਂਦਾ ਹੈ। ਪਿਛਲੀਆਂ ਚੋਣਾਂ ਤੋਂ ਬਾਅਦ ਮੱਧ ਪ੍ਰਦੇਸ਼ ਵਿੱਚ ਵੀ ਅਜਿਹਾ ਹੀ ਹੋਇਆ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੀ ਨਕਲ ਕਰਦੀ ਹੈ। ਉਹ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ਦੀ ਨਕਲ ਕਰਦੀ ਹੈ ਅਤੇ ਉਸਤੋਂ ਆਪਣਾ ਚੋਣ ਮਨੋਰਥ ਪੱਤਰ ਤਿਆਰ ਕਰਦੀ ਹੈ। ਅਰਵਿੰਦ ਕੇਜਰੀਵਾਲ ਦੀਆਂ ਆਪਣੀਆਂ ਯੋਜਨਾਵਾਂ ਹਨ ਕਿਉਂਕਿ ਕੇਜਰੀਵਾਲ ਰਾਜਨੀਤੀ ਕਰਨ ਨਹੀਂ ਸਗੋਂ ਰਾਜਨੀਤੀ ਬਦਲਣ ਆਏ ਹਨ।
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਵਿੱਚ ਕ੍ਰਾਂਤੀ ਲਿਆ ਦਿੱਤੀ। ਦਿੱਲੀ ਵਿੱਚ ਥਾਂ-ਥਾਂ ਮੁਹੱਲਾ ਕਲੀਨਿਕ ਖੋਲ੍ਹੇ ਗਏ ਅਤੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੀ ਸਿੱਖਿਆ ਅਤੇ ਸਿਹਤ ਕ੍ਰਾਂਤੀ ਤੋਂ ਇੰਨੇ ਘਬਰਾ ਗਏ ਕਿ ਉਨ੍ਹਾਂ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇਜ ਦਿੱਤਾ।
ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਹੰਕਾਰੀ ਵਿਅਕਤੀ ਹਨ। ਉਹ ਹਮੇਸ਼ਾ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਪਰ ਅਰਵਿੰਦ ਕੇਜਰੀਵਾਲ ਡਰਨ ਵਾਲਾ ਇਨਸਾਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਸਰਕਾਰੀ ਕੰਪਨੀਆਂ ਨੂੰ ਵੇਚ ਰਹੇ ਹਨ। ਪੰਜਾਬ ਵਿੱਚ ਸਾਡੀ ਸਰਕਾਰ ਕੰਪਨੀਆਂ ਖਰੀਦ ਰਹੀ ਹੈ। ਅਸੀਂ ਅੱਜ ਇੱਕ ਨਵਾਂ ਤਾਪ ਬਿਜਲੀ ਘਰ ਖਰੀਦਣ ਦਾ ਫੈਸਲਾ ਕੀਤਾ ਹੈ, ਤਾਂ ਜੋ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਵੱਡੇ ਪੱਧਰ ‘ਤੇ ਬਿਜਲੀ ਦਾ ਉਤਪਾਦਨ ਕੀਤਾ ਜਾ ਸਕੇ।
ਅੱਜ ਦੇਸ਼ ਵਿੱਚ ਮੱਧ ਪ੍ਰਦੇਸ਼ ਨੂੰ ਵਿਆਪਮ ਘੁਟਾਲੇ ਲਈ ਜਾਣਿਆ ਜਾ ਰਿਹਾ ਹੈ, ਪਹਿਲਾਂ ਦਿੱਲੀ ਨੂੰ ਵੀ ਘੁਟਾਲੇ ਵਜੋਂ ਜਾਣਿਆ ਜਾਂਦਾ ਸੀ, ਹੁਣ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਲਈ ਜਾਣਿਆ ਜਾਂਦਾ ਹੈ – ਅਰਵਿੰਦ ਕੇਜਰੀਵਾਲ
ਜਨ ਸਭਾ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਵਿਆਪਮ ਘੁਟਾਲੇ ਲਈ ਮੱਧ ਪ੍ਰਦੇਸ਼ ਦੀ ਗੱਲ ਕਰ ਰਿਹਾ ਹੈ। ਪਹਿਲਾਂ ਦਿੱਲੀ ਵੀ ਘੁਟਾਲਿਆਂ ਲਈ ਮਸ਼ਹੂਰ ਸੀ। ਦਿੱਲੀ ਨੂੰ ਕਾਮਨਵੈਲਥ ਅਤੇ ਸੀਐਨਜੀ ਘੁਟਾਲੇ ਵਜੋਂ ਜਾਣਿਆ ਜਾਂਦਾ ਸੀ। ਪਰ ਸਾਡੀ ਸਰਕਾਰ ਬਣਨ ਤੋਂ ਬਾਅਦ ਹੁਣ ਦਿੱਲੀ ਦੀ ਗੱਲ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਲਈ ਹੋ ਰਹੀ ਹੈ।
ਕੇਜਰੀਵਾਲ ਨੇ ਬਿਜਲੀ ਦੇ ਮੁੱਦੇ ‘ਤੇ ਮੱਧ ਪ੍ਰਦੇਸ਼ ਸਰਕਾਰ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਮੱਧ ਪ੍ਰਦੇਸ਼ ‘ਚ ਬਿਜਲੀ ਬਹੁਤ ਮਹਿੰਗੀ ਹੈ ਅਤੇ ਹਰ ਰੋਜ਼ ਸੱਤ-ਅੱਠ ਘੰਟੇ ਦੇ ਕੱਟ ਲੱਗਦੇ ਹਨ। ਦਿੱਲੀ ‘ਚ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਅਤੇ 24 ਘੰਟੇ ਬਿਜਲੀ ਹੈ। ਪੰਜਾਬ ਵਿੱਚ ਵੀ ਸਾਡੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋਣੇ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਨੂੰ 24 ਘੰਟੇ ਬਿਜਲੀ ਮਿਲ ਰਹੀ ਹੈ। ਮੱਧ ਪ੍ਰਦੇਸ਼ ‘ਚ ਵੀ ਸਾਡੀ ਸਰਕਾਰ ਬਣਨ ‘ਤੇ ਸਾਰੇ ਲੋਕਾਂ ਨੂੰ ਮੁਫਤ ਅਤੇ 24 ਘੰਟੇ ਬਿਜਲੀ ਮਿਲੇਗੀ।