- ਕਿਹਾ- ਵੱਡੇ-ਵੱਡੇ ਦਾਅਵੇ ਕੀਤੇ, 6 ਮਹੀਨੇ ਹੋ ਗਏ
ਚੰਡੀਗੜ੍ਹ, 29 ਸਤੰਬਰ 2022 – ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਕਾਂਗਰਸ ਨੇ ‘ਆਪ’ ਦੀ ਪੰਜਾਬ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਸਿਰਫ ਰੇਤਾ-ਬੱਜਰੀ ਤੋਂ 20 ਹਜ਼ਾਰ ਕਰੋੜ ਰੁਪਏ ਕਮਾਉਣ ਦਾ ਦਾਅਵਾ ਕਰਦੇ ਸਨ। ਹੁਣ ਜਦੋਂ ‘ਆਪ’ ਦੀ ਸਰਕਾਰ ਬਣੀ ਨੂੰ 6 ਮਹੀਨੇ ਹੋ ਗਏ ਹਨ ਤਾਂ ਕੇਜਰੀਵਾਲ ਨੂੰ ਸਿਰਫ 10 ਹਜ਼ਾਰ ਕਰੋੜ ਦਾ ਹਿਸਾਬ ਦੇਣਾ ਚਾਹੀਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਦੀ ਨੀਤੀ ਹੈ ਕਿ ਝੂਠ ਨੂੰ ਸੌ ਵਾਰ ਬੋਲੋ, ਜਿਸ ਨਾਲ ਲੋਕ ਉਸ ਨੂੰ ਸੱਚ ਮੰਨਣ ਲੱਗ ਪੈਂਦੇ ਹਨ। ‘ਆਪ’ ਨੇ ਰੇਤ-ਬੱਜਰੀ ਨੂੰ ਲੈ ਕੇ ਸਭ ਤੋਂ ਵੱਧ ਰੌਲਾ ਪਾਇਆ। ਕਾਂਗਰਸ ਦੇ ਕਾਰਜਕਾਲ ਦੌਰਾਨ ਜੋ ਰੇਤਾ 5 ਰੁਪਏ ਪ੍ਰਤੀ ਫੁੱਟ ਮਿਲਦਾ ਸੀ, ਉਹ ਹੁਣ 9 ਰੁਪਏ ‘ਚ ਮਿਲ ਰਿਹਾ ਹੈ। ਇਸ ਤਰ੍ਹਾਂ ਕੇਜਰੀਵਾਲ ਰੇਟ ਵਧਾ ਕੇ 20 ਹਜ਼ਾਰ ਕਰੋੜ ਕਮਾਏਗਾ।
ਵਿਭਾਗ ਨੇ 29 ਸਾਈਟਾਂ ਬਾਰੇ ਜਨਤਕ ਜਾਣਕਾਰੀ ਦਿੱਤੀ ਹੈ ਕਿ ਇੱਥੇ 21.29 ਲੱਖ ਮੀਟ੍ਰਿਕ ਟਨ ਰੇਤਾ ਹੈ, ਜਿਸ ਦੀ ਕੀਮਤ 48 ਕਰੋੜ ਰੁਪਏ ਹੈ। ਵੜਿੰਗ ਨੇ ਦਾਅਵਾ ਕੀਤਾ ਕਿ ਇਨ੍ਹਾਂ ਥਾਵਾਂ ’ਤੇ ਰੇਤ ਨਹੀਂ ਹੈ। ਵਿਭਾਗ ਨੇ ਬਿਨਾਂ ਜਾਂਚ ਕੀਤੇ ਹੀ ਉਨ੍ਹਾਂ ਦੀ ਜਾਣਕਾਰੀ ਜਾਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਾਲਿਸੀ ਵਿੱਚ ਕਰੱਸ਼ਰ ਮਾਲਕ ਤੋਂ 3 ਤੋਂ 5 ਲੱਖ ਸਕਿਉਰਿਟੀ ਜਮ੍ਹਾਂ ਕਰਵਾਉਣ ਦੀ ਵਿਵਸਥਾ ਹੈ, ਜਦੋਂ ਕਿ ਕਰੱਸ਼ਰ ਮਾਲਕ ਕੋਲ ਸਾਈਟ ਵੀ ਨਹੀਂ ਹੈ।
ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਰੇਤ ਦੀ ਟਰਾਲੀ ਜੋ 3200 ਰੁਪਏ ਵਿੱਚ ਮਿਲਦੀ ਸੀ, ਹੁਣ 8000 ਰੁਪਏ ਦੇਣੀ ਪੈਂਦੀ ਹੈ। ਉਨ੍ਹਾਂ ਪੁੱਛਿਆ ਕਿ ਜਿਹੜੀ ਰੇਤ ਮਹਿੰਗੀ ਕੀਤੀ ਗਈ ਹੈ ਉਹ ਕਿੱਥੇ ਜਾ ਰਹੀ ਹੈ? ਕੀ ਇਹ ਪੈਸਾ ਸਿੱਧਾ ਕੇਜਰੀਵਾਲ ਨੂੰ ਜਾ ਰਿਹਾ ਹੈ?