ਚੰਡੀਗੜ੍ਹ, 3 ਮਾਰਚ, 2023: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਪਹਿਲਾ ਦਿਨ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਵਿਧਾਨ ਸਭਾ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਗਈ। ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਭਾਸ਼ਣ ਦੇ ਰਹੇ ਸਨ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਕਰ ਦਿੱਤਾ। ਉਹਨਾਂ ਕਿਹਾ ਕਿ ਤੁਸੀਂ ’ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕਰ ਰਹੇ ਹੋ ਪਰ ਇਹ ਸਰਕਾਰ ਤਾਂ ਤੁਹਾਨੂੰ ਹੀ ਜਾਣਕਾਰੀ ਹੀ ਨਹੀਂ ਦਿੰਦੀ ਤਾਂ ਇਸ ’ਤੇ ਰਾਜਪਾਲ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਹੁਣ ਸਰਕਾਰ ਜਵਾਬ ਦੇਵੇਗੀ।
ਜਦੋਂ ਬਾਜਵਾ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਰੌਲਾ ਰੱਪਾ ਜਾਰੀ ਰੱਖਿਆ ਤਾਂ ਰਾਜਪਾਲ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਉਹ ਚੁੱਪ ਕਰ ਜਾਣ ਤੇ ਉਹਨਾਂ ਨੂੰ ਭਾਸ਼ਣ ਪੂਰਾ ਕਰਨ ਦੇਣ ਅਤੇ ਇਸ ਮਗਰੋਂ ਬਿਜ਼ਨਸ ਦੌਰਾਨ ਉਹ ਆਪਣਾ ਮੁੱਦਾ ਚੁੱਕ ਸਕਦੇ ਹਨ। ਰਾਜਪਾਲ ਨੇ ਕਾਂਗਰਸੀਵਿ ਧਾਇਕਾਂ ਨੂੰ ਇਹ ਵੀ ਕਿਹਾ ਕਿ ਉਹ ਸਦਨ ਵਿਚ ਹਾਜ਼ਰ ਰਹਿ ਕੇ ਆਪਣੀ ਗੱਲ ਰੱਖਣ ਅਤੇ ਬਾਈਕਾਟ ਨਾ ਕਰਨ। ਪਰ ਇਸ ਤੋਂ ਬਾਅਦ ਵੀ ਕਾਂਗਰਸੀ ਵਿਧਾਇਕਾਂ ਵੱਲੋਂ ਸਦਨ ‘ਚੋਂ ਵਾਕਆਊਟ ਕਰ ਦਿੱਤਾ ਗਿਆ। ਸਦਨ ‘ਚ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲਾਂ ਦੇ ਮੁੱਦੇ ‘ਤੇ ਸਦਨ ‘ਚ ਹੰਗਾਮਾ ਕੀਤਾ ਗਿਆ।