ਚੰਡੀਗੜ੍ਹ, 10 ਮਾਰਚ 2023 – ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਅੱਜ ਵਿਧਾਨ ਸਭਾ ਵਿੱਚ ਆਪਣਾ ਪਹਿਲਾ ਪੂਰਾ ਬਜਟ ਪੇਸ਼ ਕੀਤਾ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਕਈ ਵਾਅਦੇ ਅਤੇ ਗਾਰੰਟੀ ਪੂਰੇ ਕਰਨ ਜਾ ਰਹੀ ਹੈ। ਉਨ੍ਹਾਂ ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਣ ਦਾ ਦਾਅਵਾ ਕੀਤਾ।
ਦੂਜੇ ਪਾਸੇ ਬਜਟ ਦੌਰਾਨ ਹੀ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਮੈਂਬਰਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਵਿੱਤ ਮੰਤਰੀ ਚੀਮਾ ਨੂੰ ਟੋਕਣਾ ਠੀਕ ਨਹੀਂ ਹੈ। ਉਨ੍ਹਾਂ ਨੂੰ ਬਜਟ ਨੂੰ ਪੂਰਾ ਪੜ੍ਹਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਜਿਨ੍ਹਾਂ ਨੁਕਤਿਆਂ ‘ਤੇ ਕਾਂਗਰਸੀ ਵਿਧਾਇਕਾਂ ਨੂੰ ਇਤਰਾਜ਼ ਹੈ, ਉਨ੍ਹਾਂ ਨੂੰ ਨੋਟ ਕਰੋ। ਬਜਟ ‘ਤੇ ਚਰਚਾ ਦੌਰਾਨ ਕਾਂਗਰਸੀ ਵਿਧਾਇਕਾਂ ਨੂੰ ਬੋਲਣ ਲਈ ਪੂਰਾ ਸਮਾਂ ਦਿੱਤਾ ਜਾਵੇਗਾ। ਸਿਰਫ਼ ਖ਼ਬਰਾਂ ਵਿੱਚ ਆਉਣ ਲਈ ਅਤੇ ਆਪਣੀ ਹਾਜ਼ਰੀ ਲਵਾਉਣ ਲਈ ਇਸ ਤਰ੍ਹਾਂ ਦਾ ਵਿਵਹਾਰ ਠੀਕ ਨਹੀਂ ਹੈ।
ਸਪੀਕਰ ਦੇ ਕਹਿਣ ਦੇ ਬਾਵਜੂਦ ਜਦੋਂ ਕਾਂਗਰਸੀ ਵਿਧਾਇਕਾਂ ਦਾ ਹੰਗਾਮਾ ਜਾਰੀ ਰਿਹਾ ਤਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸੁਣਨ ਦੀ ਹਿੰਮਤ ਰੱਖਣ ਲਈ ਕਿਹਾ। ਇਸ ‘ਤੇ ਸਪੀਕਰ ਨੇ ਕਿਹਾ ਕਿ ਸਦਨ ‘ਚ ਸਿਰਫ ਚੇਅਰ ਨੂੰ ਸੰਬੋਧਨ ਕਰਕੇ ਆਪਣਾ ਬਜਟ ਪੂਰਾ ਕਰੋ।
ਇਸ ਤੋਂ ਪਹਿਲਾਂ ਬਜਟ ਪੇਸ਼ ਕਰਦੇ ਹੋਏ ਚੀਮਾ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਪੰਜਾਬ ਦਾ ਬਜਟ 1 ਲੱਖ 96 ਹਜ਼ਾਰ 462 ਕਰੋੜ ਰੁਪਏ ਹੋਵੇਗਾ ਜੋ ਕਿ ਪਿਛਲੇ ਸਾਲ ਨਾਲੋਂ 26 ਫੀਸਦੀ ਵੱਧ ਹੈ। 2022-23 ਵਿੱਚ ਪੰਜਾਬ ਦਾ ਕੁੱਲ ਬਜਟ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਸੀ। ਚੀਮਾ ਨੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਦਾ ਸਭ ਤੋਂ ਵੱਧ ਧਿਆਨ ਸਿੱਖਿਆ ਅਤੇ ਸਿਹਤ ਖੇਤਰਾਂ ‘ਤੇ ਹੈ, ਪਰ ਦੂਜੇ ਖੇਤਰਾਂ ‘ਤੇ ਵੀ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ।
ਚੀਮਾ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਨੇ ਸੱਤਾ ਸੰਭਾਲੀ ਤਾਂ ਉਸ ਨੂੰ ਵਿਰਾਸਤ ਵਿਚ ਵੱਡੇ ਕਰਜ਼ੇ ਮਿਲੇ ਜੋ ਪਿਛਲੀਆਂ ਸਰਕਾਰਾਂ ਨੇ ਲਏ ਸਨ। ਇਸ ਦੇ ਬਾਵਜੂਦ ‘ਆਪ’ ਸਰਕਾਰ ਪੰਜਾਬ ਨੂੰ ਅੱਗੇ ਲਿਜਾਣ ਲਈ ਦ੍ਰਿੜ੍ਹ ਹੈ।