ਚੰਡੀਗੜ੍ਹ, 22 ਅਗਸਤ 2022 – ਪੰਜਾਬ ‘ਚ ਕਾਂਗਰਸ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਜੰਮ ਕੇ ਹੰਗਾਮਾ ਕੀਤਾ ਹੈ। ਚੰਡੀਗੜ੍ਹ ‘ਚ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸੀ ਪਹੁੰਚ ਗਏ ਹਨ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਅੱਜ ਸਾਰੇ ਸਾਬਕਾ ਮੰਤਰੀ ਅਤੇ ਵਿਧਾਇਕ ਮੌਜੂਦ ਹਨ। ਵਿਜੀਲੈਂਸ ਨੂੰ ਜਿਸ ਦੀ ਲੋੜ ਹੈ, ਉਸ ਨੂੰ ਗ੍ਰਿਫਤਾਰ ਕਰੋ। ਕਾਂਗਰਸ ਤੇ ਕਾਂਗਰਸੀ ਲੀਡਰਾਂ ਨੂੰ ਰੋਜ਼ ਨਾਂ ਲੈ ਕੇ ਤੰਗ ਨਾ ਕਰੋ। ਧਰਨੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਲ ਹਨ। ਜਿਨ੍ਹਾਂ ‘ਤੇ ਟੈਂਡਰ ਘੁਟਾਲੇ ਦੇ ਦੋਸ਼ ਲੱਗ ਰਹੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਸਿਆਸੀ ਬਦਲਾਖੋਰੀ ਕਰ ਰਹੀ ਹੈ।
ਕਾਂਗਰਸ ਦੇ ਕਈ ਸਾਬਕਾ ਮੰਤਰੀ ‘ਆਪ’ ਸਰਕਾਰ ਦੇ ਰਾਡਾਰ ‘ਤੇ ਹਨ। ਇਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਜ਼ਮਾਨਤ ‘ਤੇ ਬਾਹਰ ਹਨ। ਹੁਣ ਆਸ਼ੂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੀਆਈਪੀ ਟ੍ਰੀਟਮੈਂਟ ਮਾਮਲੇ ਵਿੱਚ ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ‘ਚ ਸ਼ੱਕ ਦੇ ਘੇਰੇ ਵਿੱਚ ਹੈ। ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਂ ਜ਼ਮੀਨ ਘੁਟਾਲੇ ਵਿੱਚ ਸਾਹਮਣੇ ਆ ਰਿਹਾ ਹੈ। ਖੇਤੀ ਮਸ਼ੀਨਰੀ ਘੁਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਸੰਭਵ ਹੈ।
ਪੰਜਾਬ ਕਾਂਗਰਸ ਦੇ ਪ੍ਰਦਰਸ਼ਨ ਵਿੱਚ ਕਈ ਸਾਬਕਾ ਮੰਤਰੀ ਵੀ ਸ਼ਿਰਕਤ ਕਰਨਗੇ। ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਸਾਰੇ ਸਾਬਕਾ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਨੂੰ ਲੈ ਕੇ ਵਿਜੀਲੈਂਸ ਦਫ਼ਤਰ ਪਹੁੰਚ ਰਹੇ ਹਨ। ਸਰਕਾਰ ਜਿਸ ਨੂੰ ਚਾਹੇ ਗ੍ਰਿਫਤਾਰ ਕਰ ਸਕਦੀ ਹੈ। ਕੋਈ ਵੀ ਕਾਂਗਰਸੀ ਆਗੂ ਕਿਧਰੇ ਨਹੀਂ ਭੱਜ ਚੱਲਿਆ।