ਬਠਿੰਡਾ, 6 ਜੁਲਾਈ 2023 – ਬਠਿੰਡਾ ਸਥਿਤ ਥਾਣਾ ਸੰਗਤ ਵਿਖੇ 2013 ਵਿੱਚ ਦਰਜ ਹੋਏ ਇੱਕ ਕੇਸ ਵਿੱਚ ਨਾਮਜ਼ਦ ਨਹਿਰੀ ਵਿਭਾਗ ਦੇ ਤਤਕਾਲੀ ਐਸਡੀਓ ਅਤੇ ਕਲੋਨਾਈਜ਼ਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋਵਾਂ ਨੂੰ ਛੱਡ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸੰਗਤ ਦੇ ਤਤਕਾਲੀ ਐਸਐਚਓ ਹਰਵਿੰਦਰ ਸਿੰਘ ਸਰਾਂ, ਕਾਂਸਟੇਬਲ ਮਹੇਸ਼ ਇੰਦਰ ਸਿੰਘ ਅਤੇ ਏਐਸਆਈ ਗੁਰਦਿੱਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
30 ਮਈ 2023 ਨੂੰ, ਗ੍ਰਹਿ ਮੰਤਰਾਲੇ ਨੇ ਡੀਜੀਪੀ ਪੰਜਾਬ ਨੂੰ ਇਨ੍ਹਾਂ ਸਾਰੇ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇੱਕ ਮਹੀਨੇ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਮਾਮਲੇ ਦੀ ਜਾਂਚ ਤਲਵੰਡੀ ਸਾਬੋ ਦੇ ਡੀਐਸਪੀ ਬੂਟਾ ਸਿੰਘ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਮਹਿਤਾ ਵਿਖੇ 2013 ਵਿੱਚ ਇੱਕ ਖਾਲ ਨੂੰ ਕਬਜ਼ਾ ਕਰਨ ਦੀ ਨੀਅਤ ਨਾਲ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਥਾਣਾ ਸੰਗਤ ਵਿੱਚ ਐਫਆਈਆਰ ਨੰਬਰ 63 ਦਰਜ ਕੀਤੀ ਗਈ ਸੀ। ਉਕਤ ਮਾਮਲੇ ਵਿੱਚ ਪੁਲੀਸ ਨੇ ਨਹਿਰੀ ਵਿਭਾਗ ਦੇ ਤਤਕਾਲੀ ਐਸਡੀਓ ਸ਼ੰਮੀ ਸਿੰਗਲਾ ਅਤੇ ਕਲੋਨਾਈਜ਼ਰ ਅਮਰ ਪ੍ਰਭੂ ਨੂੰ ਨਾਮਜ਼ਦ ਕੀਤਾ ਸੀ। ਕਾਂਗਰਸੀ ਆਗੂ ਅਨਿਲ ਭੋਲਾ ਦੀ ਸ਼ਿਕਾਇਤ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਪੀ.ਓ. ਐਲਾਨ ਦਿੱਤਾ ਗਿਆ ਸੀ।
24 ਜਨਵਰੀ 2023 ਨੂੰ ਪੁਲਿਸ ਨੇ ਸ਼ੰਮੀ ਸਿੰਗਲਾ ਨੂੰ ਉਸ ਦੇ ਸਰਕਾਰੀ ਦਫ਼ਤਰ ਚੰਡੀਗੜ੍ਹ ਤੋਂ ਅਤੇ ਅਮਰ ਪ੍ਰਭੂ ਨੂੰ ਮਨਸਾ ਦੇਵੀ ਤੋਂ ਗ੍ਰਿਫ਼ਤਾਰ ਕਰਕੇ ਬਠਿੰਡਾ ਲਿਆਂਦਾ ਸੀ। ਦੋ ਦਿਨ ਬਾਅਦ 26 ਜਨਵਰੀ ਨੂੰ ਸੀਐਮ ਭਗਵੰਤ ਮਾਨ ਨੇ ਬਠਿੰਡਾ ਆਉਣਾ ਸੀ। ਇਸ ਮਾਮਲੇ ਵਿੱਚ ਕਈ ਵੱਡੇ ਅਫ਼ਸਰਾਂ ਦੇ ਦਬਾਅ ਮਗਰੋਂ ਅਨਿਲ ਭੋਲਾ ਦੀ ਤਰਫ਼ੋਂ ਮੁਲਜ਼ਮਾਂ ਨਾਲ ਲਿਖਤੀ ਸਮਝੌਤਾ ਕੀਤਾ ਗਿਆ ਸੀ। ਸਮਝੌਤੇ ਵਿੱਚ ਇਹ ਤੈਅ ਹੋਇਆ ਸੀ ਕਿ ਪੁਲੀਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।
ਪਰ ਪੁਲੀਸ ਨੇ ਮੁਲਜ਼ਮਾਂ ਨੂੰ 24 ਦੀ ਰਾਤ ਨੂੰ ਇੱਕ ਹੋਟਲ ਵਿੱਚ ਰੱਖਿਆ ਅਤੇ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕਰਨ ਦੀ ਥਾਂ ਛੱਡ ਦਿੱਤਾ। ਅਜਿਹਾ ਕਰਕੇ ਪੁਲਿਸ ਨੇ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਇਆ। ਅਨਿਲ ਭੋਲਾ ਦੀ ਤਰਫੋਂ ਮਾਮਲੇ ਦੀ ਜਾਂਚ ਲਈ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਭੇਜੀ ਗਈ ਸੀ। ਜਿਸ ਵਿੱਚ 30 ਮਈ ਨੂੰ ਗ੍ਰਹਿ ਮੰਤਰਾਲੇ ਨੇ ਡੀਜੀਪੀ ਪੰਜਾਬ ਨੂੰ ਪੱਤਰ ਜਾਰੀ ਕਰਕੇ ਉਕਤ ਮੁਲਾਜ਼ਮਾਂ ਨੂੰ ਮਾਮਲੇ ਵਿੱਚ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਨ।