ਮਾਨ ਵੱਲੋਂ ਕਿਸੇ ਵੀ ਅਣਕਿਆਸੀ ਕੁਦਰਤੀ ਆਫ਼ਤ ਮੌਕੇ ਰਾਹਤ ਕਾਰਜਾਂ ਦੇ ਪੁਖ਼ਤਾ ਪ੍ਰਬੰਧਾਂ ਲਈ ‘ਰਾਜ ਆਫ਼ਤ ਨਜਿੱਠਣ ਫੰਡ’ ਕਾਇਮ ਕਰਨ ਦੀ ਪ੍ਰਵਾਨਗੀ

  • ਰਾਹਤ ਕੰਮਾਂ ਨਾਲ ਸਬੰਧਤ ਪ੍ਰੋਜੈਕਟ ਸ਼ੁਰੂ ਕਰਨ ਵਿੱਚ ਸਹਾਈ ਹੋਵੇਗਾ ਆਫ਼ਤ ਨਜਿੱਠਣ ਫੰਡ

ਚੰਡੀਗੜ੍ਹ, 16 ਜੁਲਾਈ 2022 – ਕਿਸੇ ਵੀ ਅਣਕਿਆਸੀ ਕੁਦਰਤੀ ਆਫ਼ਤ ਮੌਕੇ ਰਾਹਤ ਕਾਰਜਾਂ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਰਾਜ ਆਫ਼ਤ ਨਜਿੱਠਣ ਫੰਡ’ (ਐਸ.ਡੀ.ਐਮ.ਐਫ.) ਕਾਇਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਐਸ.ਡੀ.ਐਮ.ਐਫ. ਦਾ ਗਠਨ ਆਫ਼ਤ ਪ੍ਰਬੰਧਨ ਐਕਟ-2005 ਦੀ ਧਾਰਾ 48-1 (ਸੀ) ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫੰਡ ਦੇ ਬਣਨ ਨਾਲ ਸੂਬੇ ਵਿੱਚ ਕੁਦਰਤੀ ਆਫਤਾਂ ਨਾਲ ਨਜਿੱਠਣ ਦੇ ਕੰਮਾਂ ਨਾਲ ਸਬੰਧਤ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਕਦਮ ਸੂਬੇ ਨੂੰ ਕੁਦਰਤੀ ਆਫ਼ਤਾਂ ਨਾਲ ਨਿਪਟਣ ਵਿੱਚ ਮਦਦ ਕਰਨਗੇ।

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਫੰਡਾਂ ਦਾ ਗਠਨ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ‘ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2021 ਤੋਂ 2026 ਤੱਕ ਐਸ.ਡੀ.ਐਮ.ਐਫ. ਵਿੱਚ ਸੂਬੇ ਦਾ ਹਿੱਸਾ 25 ਫੀਸਦੀ ਹੋਵੇਗਾ ਜਦੋਂ ਕਿ ਕੇਂਦਰੀ ਹਿੱਸਾ 75 ਫੀਸਦੀ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸਾਲ 2021 ਤੋਂ 2026 ਤੱਕ ਐਸ.ਡੀ.ਐਮ.ਐਫ. ਵਿੱਚ 729.60 ਕਰੋੜ ਰੁਪਏ ਦੀ ਕੁੱਲ ਰਾਸ਼ੀ ਦੀ ਵਿਵਸਥਾ ਹੋਵੋਗੀ ਅਤੇ ਇਹ ਰਾਸ਼ੀ ਕਿਸੇ ਵੀ ਕਿਸਮ ਦੀ ਕੁਦਰਤੀ ਆਫ਼ਤ ਲਈ ਸੂਬੇ ਦੀਆਂ ਤਿਆਰੀਆਂ ਨੂੰ ਹੋਰ ਪੁਖਤਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਥਿਤੀ ਦੀ ਗੰਭੀਰਤਾ ਨੂੰ ਸੁਹਿਰਦਤਾ ਨਾਲ ਸਮਝ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਕਿਆਸੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਠੋਸ ਤਿਆਰੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਪ੍ਰਮੁੱਖ ਤੌਰ ਉਤੇ ਤਰਜੀਹ ਦਿੰਦੀ ਹੈ ਅਤੇ ਇਸ ਨੇਕ ਕਾਰਜ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਂਦਰ ਸਰਕਾਰ ਤੋਂ ਪੰਜਾਬ ਨੂੰ ਪਹਾੜੀ ਰਾਜਾਂ ਦੇ ਵਾਂਗ ਵਿਸ਼ੇਸ਼ ਵਿੱਤੀ ਪੈਕੇਜ ਦੇਣ ਦੀ ਮੰਗ

ਸਪਾਈਸਜੈੱਟ ਦੇ ਯਾਤਰੀਆਂ ਦਾ ਗੁੰਮ ਹੋਇਆ ਸਾਮਾਨ ਤਿੰਨ ਦਿਨ ਬਾਅਦ ਵੀ ਨਹੀਂ ਮਿਲਿਆ